ਬਿਜਲੀ ਕਾਮਿਆਂ ਵੱਲੋਂ ਸੰਘਰਸ਼ .
ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਛੁੱਟੀ ਭਰਕੇ ਸਰਕਾਰ ਖਿਲਾਫ਼ ਪ੍ਰਦਰਸ਼ਨ
ਭਗਵੰਤ ਮਾਨ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ : ਮਹਿਦੂਦਾਂ, ਪਾਲੀ ਬਨਵੈਤ
ਲੁਧਿਆਣਾ 21 ਅਕਤੂਬਰ ( ) ਮੁਲਾਜਮ ਤੇ ਪੈਨਸ਼ਨਰਜ ਮੰਚ ਪੰਜਾਬ ਅਤੇ ਫਰੰਟ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਖਿਲਾਫ ਦਿੱਤੇ ਤਿੱਖੇ ਸੰਘਰਸ਼ ਤਹਿਤ ਅੱਜ ਸੂਬੇ ਭਰ ਦੇ ਸਰਕਾਰੀ ਮੁਲਾਜਮਾਂ ਨੇ 21 ਅਤੇ 22 ਅਕਤੂਬਰ ਦੀ ਛੁੱਟੀ ਭਰਕੇ ਵੱਖ ਵੱਖ ਥਾਵਾਂ ਉੱਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਰੋਸ ਪ੍ਰਦਰਸ਼ਨ ਕੀਤੇ। ਬਿਜਲੀ ਨਿਗਮ ਦੀ ਸੱਭ ਤੋਂ ਜੁਝਾਰੂ ਜੱਥੇਬੰਦੀ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਜਿਲ੍ਹਾ ਇਕਾਈ ਵੱਲੋਂ ਵੀ ਦੋ ਰੋਜਾ ਛੁੱਟੀ ਭਰਕੇ ਸਿਟੀ ਸੈਂਟਰ ਡਵੀਜਨ 'ਚ ਗੇਟ ਰੈਲੀ ਕੀਤੀ ਗਈ। ਇਸ ਮੌਕੇ ਹਾਜਰ ਮੁਲਾਜਮਾਂ ਨੇ ਭਗਵੰਤ ਮਾਨ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਖਿਲਾਫ਼ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜੀ ਕੀਤੀ। ਇਸ ਰੈਲੀ ਦੀ ਪ੍ਰਧਾਨਗੀ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੀਤੀ ਜਦਕਿ ਐਫੀ ਮੈਂਬਰ ਰਸ਼ਪਾਲ ਸਿੰਘ ਪਾਲੀ ਅਤੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਉਚੇਚੇ ਤੌਰ 'ਤੇ ਪੁੱਜੇ। ਤਿੰਨਾਂ ਆਗੂਆਂ ਨੇ ਦੱਸਿਆ ਕਿ ਜਦੋਂ ਤੱਕ 17-07-2020 ਅਤੇ 15-01-15 ਦਾ ਮਾਰੂ ਪੱਤਰ ਰੱਦ ਨਹੀਂ ਹੁੰਦਾ, ਦਿੱਤੀ ਗ੍ਰੰਟੀ ਮੁਤਾਬਿਕ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਨਹੀਂ ਕੀਤੀ ਜਾਂਦੀ, ਸਾਰੇ ਵਿਭਾਗਾਂ ਦੇ ਕੱਚੇ ਮੁਲਾਜਮ ਪੱਕੇ ਨਹੀਂ ਕੀਤੇ ਜਾਂਦੇ, ਨਵੀਂ ਭਰਤੀ ਰੈਗੂਲਰ ਕਰਨ ਦਾ ਪੱਕਾ ਮਤਾ ਨਹੀਂ ਲਿਆਂਦਾ ਜਾਂਦਾ ਸਮੇਤ ਚਿਰਾਂ ਤੋਂ ਲਟਕਦੀਆਂ ਹੋਰ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਪੰਜਾਬ ਸਰਕਾਰ ਖਿਲਾਫ ਸੰਘਰਸ਼ ਜਾਰੀ ਰਹੇਗਾ ਅਤੇ ਲੋੜ ਪੈਣ 'ਤੇ ਹੋਰ ਵੀ ਤਿੱਖਾ ਕੀਤਾ ਜਾਵੇਗਾ। ਡੀਏ ਦੇ ਮੰਗ 'ਤੇ ਉਨ੍ਹਾਂ ਕਿਹਾ ਕਿ 18 ਫੀਸਦੀ ਡੀਏ ਦੇਣ ਦੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਤਹਿਤ ਅਸੀਂ ਸਰਕਾਰ ਦੀ ਧੌਣ 'ਤੇ ਗੋਡਾ ਰੱਖ ਕੇ 8 ਫੀਸਦੀ ਲੈ ਲਿਆ ਹੈ ਅਤੇ ਬਾਕੀ ਬਚਦਾ 10 ਫੀਸਦੀ ਡੀਏ ਸਾਨੂੰ ਸਮੇਤ ਵਿਆਜ ਮਾਨਯੋਗ ਹਾਈ ਕੋਰਟ ਨੇ ਦੁਆ ਹੀ ਦੇਣਾ ਹੈ। ਆਗੂਆਂ ਨੇ ਕਿਹਾ ਕਿ ਵਾਅਦਾ ਖਿਲਾਫੀ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੂੰ ਘਰ ਤੋਰਨ ਹਿੱਤ ਸਾਡੇ ਵੱਲੋਂ ਸਰਕਾਰ ਦੇ ਖਿਲਾਫ ਦੱਬ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਅਪਣੇ ਸਾਕ ਸਬੰਧੀਆਂ ਨੂੰ ਅਪੀਲਾਂ ਕਰ ਰਹੇ ਹਾਂ ਕਿ ਉਹ ਦੁਬਾਰਾ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਵੋਟ ਨਾ ਪਾਉਣ। ਇਸ ਮੌਕੇ ਅਸ਼ੋਕ ਕੁਮਾਰ ਬੰਗੜ, ਮੁਨੀਸ਼ ਕੁਮਾਰ, ਦਵਿੰਦਰ ਸਿੰਘ, ਦੀਪਕ ਕੁਮਾਰ, ਸਿੰਗਾਰਾ ਸਿੰਘ, ਸਾਹਿਲ ਡਾਂਗ, ਅਮਰ ਬਹਾਦਰ, ਲਖਵੀਰ ਸਿੰਘ, ਪਾਰਸ ਅਤੇ ਹੋਰ ਹਾਜਰ ਸਨ।
