ਕੈਂਪ ਸੰਪਨ .
ਫਿਰੋਜ਼ਪੁਰ ਰੋਡ ’ਤੇ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਸੰਪੰਨ, 187 ਮਰੀਜ਼ਾਂ ਦਾ ਇਲਾਜ
ਲੁਧਿਆਣਾ, 20 ਅਕਤੂਬਰ (ਇੰਦਰਜੀਤ): ਡਾ. ਡੀ.ਐਨ. ਕੋਟਨੀਸ ਐਕਿਊਪੰਕਚਰ ਹੈਲਥ ਐਂਡ ਐਜੂਕੇਸ਼ਨ ਸੈਂਟਰ, ਸਲੇਮ ਟਾਬਰੀ, ਲੁਧਿਆਣਾ ਵੱਲੋਂ ਸਾਂਝੀ ਅਰਦਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ, ਫਿਰੋਜ਼ਪੁਰ ਰੋਡ, ਗ੍ਰੀਨ ਸਿਟੀ ਦੇ ਨੇੜੇ, ਲੁਧਿਆਣਾ ਵਿਖੇ ਲਗਾਇਆ ਗਿਆ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਇਸ ਕੈਂਪ ਦੌਰਾਨ ਕੁੱਲ 187 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਹ ਕੈਂਪ ਮਹਾਨ ਭਾਰਤੀ ਡਾਕਟਰ ਡਾ. ਦਵਾਰਕਾਨਾਥ ਕੋਟਨੀਸ ਦੀ ਮਨੁੱਖਤਾ ਅਤੇ ਸੇਵਾ ਦੀ ਵਿਰਾਸਤ ਅਤੇ ਸਾਲ 1938 ਤੋਂ 1942 ਤੱਕ ਚੀਨ ਵਿੱਚ ਭਾਰਤੀ ਮੈਡੀਕਲ ਮਿਸ਼ਨ ਵੱਲੋਂ ਨਿਭਾਈਆਂ ਸੇਵਾਵਾਂ ਦੀ 88ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਇਸ ਮੌਕੇ ਸੰਤ ਬਾਬਾ ਸੁਖਬੀਰ ਸਿੰਘ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਐਕਿਊਪੰਕਚਰ ਇੱਕ ਮਹੱਤਵਪੂਰਨ ਇਲਾਜ ਪ੍ਰਣਾਲੀ ਹੈ, ਜਿਸ ਰਾਹੀਂ ਵੱਖ-ਵੱਖ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਰਾਹਤ ਪਹੁੰਚਾਉਣ ਦੇ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਲੰਬੇ ਸਮੇਂ ਤੋਂ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਛਾਪਾ ਨੇ ਸਮਾਜਿਕ ਸੰਸਥਾਵਾਂ ਨੂੰ ਮਿਲਜੁਲ ਕੇ ਲੋੜਵੰਦ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦੀ ਅਪੀਲ ਕੀਤੀ। ਸਾਂਝੀ ਅਰਦਾਸ ਫਾਊਂਡੇਸ਼ਨ ਦੀ ਪ੍ਰਧਾਨ ਸੋਨੀਆ ਅਰੋੜਾ ਨੇ ਭਵਿੱਖ ਵਿੱਚ ਵੀ ਅਜਿਹੇ ਲੋਕ-ਭਲਾਈ ਦੇ ਕਾਰਜਾਂ ਵਿੱਚ ਸਹਿਯੋਗ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਸੰਤ ਬਾਬਾ ਸੁਖਬੀਰ ਸਿੰਘ ਜੀ ਨੇ ਡਾਕਟਰਾਂ ਅਤੇ ਸੰਸਥਾ ਦੇ ਵਰਕਰਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕੈਂਪ ਵਿੱਚ ਡਾ. ਰਘਬੀਰ ਸਿੰਘ, ਡਾ. ਕ੍ਰਿਸ਼ਨਾ ਮੋਹਨ ਪ੍ਰਸਾਦ, ਡਾ. ਬਲਜਿੰਦਰ ਸਿੰਘ, ਗਗਨ ਭਾਟੀਆ, ਮਨੀਸ਼ਾ, ਰਾਗਿਨੀ, ਤਰਸੇਮ ਲਾਲ ਅਤੇ ਸਾਂਝੀ ਅਰਦਾਸ ਫਾਊਂਡੇਸ਼ਨ ਵੱਲੋਂ ਪਰਾਗ ਅਰੋੜਾ, ਮਨਹਰਪ੍ਰੀਤ ਸਿੰਘ, ਦੇਵਿੰਦਰ ਕੁਮਾਰ, ਸਪਨਾ, ਗੁਰਕੀਰਤ ਸਿੰਘ, ਪਰਮਵੀਰ, ਸਰਦਾਰ ਅਮਰਜੀਤ ਸਿੰਘ ਗਿੱਲ ਹਰੀਪੁਰ, ਤਰਲੋਚਨ ਐੱਸ. ਸਫ਼ਰੀ, ਹਰਮਿੰਦਰ ਸਿੱਧੂ, ਕਰਮਜੀਤ ਕੌਰ, ਪ੍ਰੀਤ ਬਤਰਾ ਅਤੇ ਦੇਵਿੰਦਰ ਬਤਰਾ ਸਮੇਤ ਹੋਰ ਸਹਿਯੋਗੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਮਨਿੰਦਰਜੀਤ ਸਿੰਘ ਬੇਨੀਪਾਲ, ਇੰਦਰਜੀਤ ਕੌਰ ਓਬਰਾਏ, ਸੰਤੋਖ ਸਿੰਘ ਗਿੱਲ, ਤਰਲੋਚਨ ਸਿੰਘ ਸਫ਼ਰੀ, ਬਲਦੇਵ ਸਿੰਘ ਅਤੇ ਦਿਨੇਸ਼ ਰਾਠੌਰ ਨੇ ਵੀ ਕੈਂਪ ਦਾ ਦੌਰਾ ਕੀਤਾ ਅਤੇ ਡਾਕਟਰਾਂ ਦੀ ਟੀਮ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਮਰੀਜ਼ਾਂ ਨਾਲ ਗੱਲਬਾਤ ਕੀਤੀ। ਕੈਂਪ ਦੌਰਾਨ ਕਮਰ ਦਰਦ, ਸਪੌਂਡਿਲਾਈਟਿਸ, ਗਰਦਨ ਵਿੱਚ ਅਕੜਾਅ, ਡਿਸਕ ਦੀ ਸਮੱਸਿਆ, ਜੋੜਾਂ ਅਤੇ ਗੋਡਿਆਂ ਦਾ ਦਰਦ, ਮਾਈਗ੍ਰੇਨ, ਅਧਰੰਗ, ਦਮਾ ਅਤੇ ਪੁਰਾਣੀ ਸਾਈਨਸ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਡਾ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਡਾ. ਰਘਬੀਰ ਸਿੰਘ, ਡਾ. ਬਲਜਿੰਦਰ ਸਿੰਘ ਅਤੇ ਡਾ. ਕ੍ਰਿਸ਼ਨਾ ਮੋਹਨ ਪ੍ਰਸਾਦ ਵੱਲੋਂ ਕੀਤਾ ਗਿਆ। ਸਾਂਝੀ ਅਰਦਾਸ ਫਾਊਂਡੇਸ਼ਨ ਮਨੁੱਖਤਾ ਦੀ ਭਲਾਈ, ਮਹਿਲਾ ਸਸ਼ਕਤੀਕਰਨ, ਬਾਲ ਸਿੱਖਿਆ ਅਤੇ ਆਫ਼ਤ ਪ੍ਰਬੰਧਨ ਦੇ ਖੇਤਰਾਂ ਵਿੱਚ ਕਾਰਜਸ਼ੀਲ ਹੈ।
