ਪਾਲੀ ਖ਼ਾਦਿਮ ਦਾ ਸਨਮਾਨ .
ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਰਾਸ਼ਟਰੀ ਪੁਰਸਕਾਰ ਜੇਤੂ ਸਾਹਿਤਕਾਰ ਪਾਲੀ ਖਾਦਿਮ ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ-2026 ਨਾਲ ਸਨਮਾਨਿਤ
---ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਨਾਵਲਕਾਰ ਰਾਜ ਕਮਲ ਸਾਹਿਤ ਸਭਾ ਵਲੋਂ ਸ਼ਾਨਦਾਰ ਸਾਹਿਤਕ ਸਮਾਗਮ: ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ ਪ੍ਰਧਾਨਗੀ
---ਲਾਇਨਜ਼ ਕਲੱਬ ਦੇ ਪ੍ਰਧਾਨ ਸ਼ਿਵ ਸਿੰਗਲਾ ਦੇ ਪਿਤਾ ਤੇ ਪ੍ਰਸਿੱਧ ਨਾਵਲਕਾਰ ਸਵ. ਰਾਜ ਕਮਲ ਦੀ ਸਾਹਿਤਕ ਵਿਰਾਸਤ ਨੂੰ ਕੀਤਾ ਯਾਦ: ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਦਿੱਤਾ ਸੁਨੇਹਾ
ਬਰਨਾਲਾ, 16 ਅਕਤੂਬਰ (ਸੁਰਿੰਦਰ ਗੋਇਲ): ਪੰਜਾਬੀ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਨਾਵਲਕਾਰ ਰਾਜ ਕਮਲ ਸਾਹਿਤ ਸਭਾ ਬਰਨਾਲਾ ਵਲੋਂ ਸਾਂਝੇ ਤੌਰ ’ਤੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਇਕ ਪ੍ਰਭਾਵਸ਼ਾਲੀ ਸਾਹਿਤਕ ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸਾਹਿਤ ਦੇ ਖੇਤਰ ’ਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਰਾਸ਼ਟਰੀ ਪੁਰਸਕਾਰ ਜੇਤੂ ਸਾਹਿਤਕਾਰ ਪਾਲੀ ਖਾਦਿਮ ਨੂੰ ਵੱਕਾਰੀ ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ-2026 ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ। ਇਸ ਸਾਹਿਤਕ ਇਕੱਠ ’ਚ ਪੰਜਾਬੀ ਸਾਹਿਤ, ਸਿੱਖਿਆ, ਪੱਤਰਕਾਰੀ ਤੇ ਸਮਾਜ ਸੇਵਾ ਨਾਲ ਜੁੜੀਆਂ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਾਲੀ ਖਾਦਿਮ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਾਹਿਤਕਾਰ ਕਿਸੇ ਵੀ ਸਮਾਜ ਦੀ ਚੇਤਨਾ ਦੇ ਅਸਲ ਪਹਿਰੇਦਾਰ ਹੁੰਦੇ ਹਨ। ਲੇਖਕ ਆਪਣੀ ਕਲਮ ਰਾਹੀਂ ਸਮਾਜ ਦੀਆਂ ਹਕੀਕਤਾਂ, ਮਨੁੱਖੀ ਭਾਵਨਾਵਾਂ ਤੇ ਆਮ ਲੋਕਾਂ ਦੇ ਸੰਘਰਸ਼ਾਂ ਨੂੰ ਆਵਾਜ਼ ਦਿੰਦੇ ਹਨ। ਉਨ੍ਹਾਂ ਲਾਇਨਜ਼ ਕਲੱਬ ਬਰਨਾਲਾ ਸੁਪਰੀਮ, ਨਾਵਲਕਾਰ ਰਾਜ ਕਮਲ ਸਾਹਿਤ ਸਭਾ ਤੇ ਟੰਡਨ ਇੰਟਰਨੈਸ਼ਨਲ ਸਕੂਲ ਵਲੋਂ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ। ਪਾਲੀ ਖ਼ਾਦਿਮ ਦੇ ਸਾਹਿਤਕ ਯੋਗਦਾਨ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਹਿਤਕ ਸਿਰਜਣਾ ਰਾਹੀਂ ਪੰਜਾਬੀ ਸਾਹਿਤ ’ਚ ਵਿਲੱਖਣ ਪਛਾਣ ਬਣਾਈ ਹੈ। ਰਾਸ਼ਟਰੀ ਪੱਧਰ ’ਤੇ ਸਨਮਾਨ ਪ੍ਰਾਪਤ ਕਰ ਚੁੱਕੇ ਪਾਲੀ ਖ਼ਾਦਿਮ ਦੀ ਸਾਹਿਤਕ ਘਾਲਣਾ ਨਵੀਂ ਪੀੜ੍ਹੀ ਦੇ ਲੇਖਕਾਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੀ ਸਾਹਿਤ ਪ੍ਰਤੀ ਲਗਨ, ਰਚਨਾਤਮਕ ਸੋਚ ਤੇ ਮਾਂ ਬੋਲੀ ਨਾਲ ਜੁੜਾਅ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਭੇਟ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਿਰਜਣਸ਼ੀਲ ਲੇਖਕਾਂ ਨੂੰ ਸਨਮਾਨਿਤ ਕਰਨਾ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। ਪ੍ਰਸਿੱਧ ਨਾਵਲਕਾਰ ਸਵਰਗੀ ਰਾਜ ਕਮਲ ਦੀ ਸਾਹਿਤਕ ਵਿਰਾਸਤ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ। ਸਵ. ਰਾਜ ਕਮਲ, ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਐੱਮਡੀ ਲਾਇਨ ਸ਼ਿਵ ਸਿੰਗਲਾ ਦੇ ਪਿਤਾ ਸਨ। ਉਨ੍ਹਾਂ ਨੇ ਆਪਣਾ ਜੀਵਨ ਸਾਹਿਤਕ ਸਿਰਜਣਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਕੀਤਾ। ਉਹ ਇਕ ਪ੍ਰਤਿਭਾਸ਼ਾਲੀ ਤੇ ਸੰਵੇਦਨਸ਼ੀਲ ਨਾਵਲਕਾਰ ਸਨ। ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਾਹਿਤਕ ਜਗਤ ’ਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦੇ ਚਰਚਿਤ ਨਾਵਲਾਂ ’ਚ ਅੰਜਾਮ, ਬਹੁਰੂਪੀਆ, ਮੇਰੇ ਹਮਸਫਰ ਤੇ ਸੰਦੇਸ਼ ਵਰਗੀਆਂ ਮਹੱਤਵਪੂਰਨ ਰਚਨਾਵਾਂ ਸ਼ਾਮਲ ਹਨ। ਉਨ੍ਹਾਂ ਦੀਆਂ ਲਿਖਤਾਂ ਪੰਜਾਬੀ ਸਾਹਿਤ ਲਈ ਇਕ ਕੀਮਤੀ ਵਿਰਾਸਤ ਹਨ। ਉਨ੍ਹਾਂ ਦੀ ਯਾਦ ’ਚ ਦਿੱਤਾ ਜਾਣ ਵਾਲਾ ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ ਨਵੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਾਹਿਤਕ ਸੋਚ ਤੇ ਯੋਗਦਾਨ ਨੂੰ ਜਿਊਂਦਾ ਰੱਖਣ ਦਾ ਇਕ ਸਾਰਥਕ ਉਪਰਾਲਾ ਹੈ। ਇਸ ਤੋਂ ਇਲਾਵਾ ਉੱਘੇ ਪੱਤਰਕਾਰ ਤੇ ਲੇਖਕ ਹਰਿੰਦਰ ਨਿੱਕਾ, ਅਮਿਤ ਮਿੱਤਰ, ਜਗਸੀਰ ਸੰਧੂ, ਲੇਖਕ ਬੇਅੰਤ ਸਿੰਘ ਬਾਜਵਾ, ਡਾ. ਭੁਪਿੰਦਰ ਸਿੰਘ ਬੇਦੀ, ਲੇਖਕ ਭੁਪਿੰਦਰ ਸਿੰਘ ਮਾਨ, ਗੁਰਪ੍ਰੀਤ ਲਾਡੀ, ਰਾਜਿੰਦਰ ਬਰਾੜ, ਮਨੋਜ ਸ਼ਰਮਾ, ਗੁਰਮੀਤ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਲੇਖਕ ਹਰੀਸ਼ ਸ਼ਰਮਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਬੀਬਾਸ਼ੂੰ ਗੋਇਲ, ਲੇਖਕ ਸੁਖਦੇਵ ਸਿੰਘ, ਜਤਿੰਦਰ ਜਿੰਮੀ ਤੇ ਰਘੁਬੀਰ ਹੈਪੀ ਸਣੇ ਵੱਖ-ਵੱਖ ਖੇਤਰਾਂ ਦੀਆਂ ਹੋਰ ਸ਼ਖਸੀਅਤਾਂ, ਸਾਹਿਤ ਪ੍ਰੇਮੀ ਤੇ ਪਤਵੰਤੇ ਸੱਜਣ ਹਾਜ਼ਰ ਸਨ। ਸਮਾਗਮ ਦੇ ਅਖੀਰ ’ਚ ਪ੍ਰਬੰਧਕਾਂ ਵਲੋਂ ਸਨਮਾਨ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਪਾਲੀ ਖ਼ਾਦਿਮ ਨੂੰ ਵਧਾਈ ਦਿੱਤੀ ਤੇ ਮੁੱਖ ਮਹਿਮਾਨ ਸਣੇ ਸਮੂਹ ਸਾਹਿਤਕਾਰਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਪ੍ਰੋ. ਭਾਰਤ ਭੂਸ਼ਣ ਤੇ ਗੁਰਪ੍ਰੀਤ ਸਿੰਘ ਨੇ ਬਹੁਤ ਹੀ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਉਨ੍ਹਾਂ ਨੇ ਸਮਾਗਮ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸਾਹਿਤਕ ਰੰਗਤ ਦਿੰਦਿਆਂ ਬੁਲਾਰਿਆਂ ਤੇ ਮਹਿਮਾਨਾਂ ਨੂੰ ਸਰੋਤਿਆਂ ਦੇ ਰੂਬਰੂ ਕਰਵਾਇਆ। ਇਸ ਮੌਕੇ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਲਾਇਨ ਸ਼ਿਵ ਸਿੰਗਲਾ, ਪ੍ਰੋਜੈਕਟ ਚੇਅਰਮੈਨ ਲਾਇਨ ਰਵਿੰਦਰ ਬਾਂਸਲ, ਲਾਇਨ ਸੁਰਿੰਦਰ ਮਿੱਤਲ, ਲਾਇਨ ਭੋਜ ਰਾਜ, ਲਾਇਨ ਸੰਜੇ ਬਾਂਸਲ, ਲਾਇਨ ਹਰਮੇਲ ਸਿੰਘ, ਲਾਇਨ ਕੁਲਦੀਪ ਸਹੌਰੀਆ, ਕਲੱਬ ਦੇ ਪੀਆਰਓ ਲਾਇਨ ਜਤਿੰਦਰ ਗੋਇਲ, ਲਾਇਨ ਅਸ਼ੋਕ ਸ਼ਰਮਾ ਤੇ ਲਾਇਨ ਸੁਖਦਰਸ਼ਨ ਸਦਿਓੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਲਾਇਨ ਸ਼ਿਵ ਸਿੰਗਲਾ ਨੇ ਕਿਹਾ ਕਿ ਆਪਣੇ ਪਿਤਾ ਸਵ. ਰਾਜ ਕਮਲ ਦੀ ਯਾਦ ਨੂੰ ਜਿਊਂਦਾ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਉਨ੍ਹਾਂ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਵਧਾਈਏ ਤੇ ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਬਣਦਾ ਮਾਣ-ਸਨਮਾਨ ਦੇਈਏ। ਸਾਹਿਤ ਦੀ ਸੇਵਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।
---ਲੇਖਕ ਦੀ ਕਲਮ ਉਸ ਦੇ ਜੀਵਨ ਤੋਂ ਵੀ ਲੰਮੀ ਉਮਰ ਜਿਊਂਦੀ ਹੈ
ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਐੱਮਡੀ ਲਾਇਨ ਸ਼ਿਵ ਸਿੰਗਲਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ. ਰਾਜ ਕਮਲ ਦਾ ਸਾਹਿਤ ਪ੍ਰਤੀ ਪਿਆਰ ਤੇ ਸਮਰਪਣ ਉਨ੍ਹਾਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਵਧਾਉਣਾ ਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਲਈ ਸਿਰਫ ਇਕ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ। ਸਗੋਂ ਇਕ ਭਾਵਨਾਤਮਕ ਤੇ ਪਰਿਵਾਰਕ ਸੰਕਲਪ ਵੀ ਹੈ। ਉਨ੍ਹਾਂ ਕਿਹਾ ਕਿ ਇਕ ਲੇਖਕ ਦੀ ਕਲਮ ਉਸ ਦੇ ਜੀਵਨ ਤੋਂ ਵੀ ਲੰਮੀ ਉਮਰ ਜਿਊਂਦੀ ਹੈ। ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ। ਪਰ ਉਸ ਦੀਆਂ ਲਿਖਤਾਂ ਪੀੜ੍ਹੀਆਂ ਤਕ ਸਮਾਜ ਨੂੰ ਰਾਹ ਦਿਖਾਉਂਦੀਆਂ ਰਹਿੰਦੀਆਂ ਹਨ। ਮੇਰੇ ਪਿਤਾ ਸਵ. ਰਾਜ ਕਮਲ ਨੇ ਸਾਨੂੰ ਸਿਰਫ਼ ਸਾਹਿਤਕ ਵਿਰਾਸਤ ਹੀ ਨਹੀਂ ਦਿੱਤੀ। ਸਗੋਂ ਚੰਗੀ ਸੋਚ, ਮਨੁੱਖੀ ਕਦਰਾਂ-ਕੀਮਤਾਂ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਦੀ ਯਾਦ ’ਚ ਕਿਸੇ ਹੋਣਹਾਰ ਸਾਹਿਤਕਾਰ ਦਾ ਸਨਮਾਨ ਕਰਨਾ ਮੇਰੇ ਲਈ ਬਹੁਤ ਹੀ ਮਾਣ ਤੇ ਭਾਵਨਾਤਮਕ ਸੰਤੁਸ਼ਟੀ ਵਾਲਾ ਪਲ ਹੈ।
---ਕਲੱਬ ਕਰ ਰਿਹੈ ਸਾਹਿਤ, ਸਿੱਖਿਆ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਉਪਰਾਲੇ
ਲਾਇਨ ਸ਼ਿਵ ਸਿੰਗਲਾ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦਾ ਉਦੇਸ਼ ਸਿਰਫ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਪ੍ਰਦਾਨ ਕਰਨਾ ਨਹੀਂ। ਸਗੋਂ ਉਨ੍ਹਾਂ ਨੂੰ ਸਾਹਿਤ, ਸੱਭਿਆਚਾਰ, ਨੈਤਿਕ ਕਦਰਾਂ ਕੀਮਤਾਂ ਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨਾ ਵੀ ਹੈ। ਉਨ੍ਹਾਂ ਕਿਹਾ ਕਿ ਸਕੂਲ ’ਚ ਅਜਿਹੇ ਸਾਹਿਤਕ ਸਮਾਗਮ ਕਰਵਾਉਣ ਨਾਲ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਤੇ ਸਾਹਿਤਕ ਵਿਰਾਸਤ ਦੀ ਮਹੱਤਤਾ ਸਮਝਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦਾ ਸਰਬਪੱਖੀ ਵਿਕਾਸ ਸਿਰਫ ਭੌਤਿਕ ਸਹੂਲਤਾਂ ਨਾਲ ਨਹੀਂ। ਸਗੋਂ ਚੰਗੀ ਸਿੱਖਿਆ, ਸਾਹਿਤ, ਉਸਾਰੂ ਸੋਚ ਤੇ ਮਨੁੱਖੀ ਕਦਰਾਂ-ਕੀਮਤਾਂ ਨਾਲ ਸੰਭਵ ਹੁੰਦਾ ਹੈ। ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵਲੋਂ ਸਮਾਜ ਸੇਵਾ ਦੇ ਨਾਲ-ਨਾਲ ਸਾਹਿਤ, ਸਿੱਖਿਆ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
---ਸਾਹਿਤਕਾਰਾਂ ਦਾ ਸਨਮਾਨ ਕਰਨਾ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ
ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਲਾਇਨ ਰਵਿੰਦਰ ਬਾਂਸਲ ਨੇ ਕਿਹਾ ਕਿ ਸਾਹਿਤਕਾਰਾਂ ਦਾ ਸਨਮਾਨ ਕਰਨਾ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰਾਜ ਕਮਲ ਵਰਗੇ ਸਾਹਿਤਕਾਰਾਂ ਦੀ ਯਾਦ ’ਚ ਅਜਿਹੇ ਸਮਾਗਮ ਕਰਵਾਉਣ ਨਾਲ ਜਿੱਥੇ ਉਨ੍ਹਾਂ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਜਾ ਸਕਦਾ ਹੈ। ਉੱਥੇ ਹੀ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਤੇ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਮਿਲਦੀ ਹੈ। ਸਮਾਗਮ ਦੌਰਾਨ ਉੱਘੇ ਸਾਹਿਤਕਾਰ ਭੁਪਿੰਦਰ ਮਾਨ, ਡਾ. ਭੁਪਿੰਦਰ ਬੇਦੀ ਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਨੇ ਵੀ ਪੰਜਾਬੀ ਸਾਹਿਤ ਦੀ ਅਮੀਰ ਪਰੰਪਰਾ, ਸਾਹਿਤਕਾਰਾਂ ਦੀ ਸਮਾਜਿਕ ਭੂਮਿਕਾ ਤੇ ਨਵੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
