ਪੀਏਯੂ ਗਰਾਊਂਡਾਂ ਦੀ ਦੁਰਵਰਤੋਂ ਬਾਰੇ ਪਵਨ ਦੀਵਾਨ ਦਾ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ.
ਸਰਸ ਮੇਲਾ ਰੋਕਣ ਲਈ ਰਾਜਪਾਲ ਨੂੰ ਦਖ਼ਲ ਦੇਣ ਦੀ ਅਪੀਲ
ਵਿੱਦਿਅਕ ਸੰਸਥਾਵਾਂ ਸਿੱਖਿਆ ਦੇ ਕੇਂਦਰ ਰਹਿਣ, ਸਿਆਸੀ ਤਮਾਸ਼ਿਆਂ ਦੇ ਮੰਚ ਨਹੀਂ
ਲੁਧਿਆਣਾ, 6 ਅਕਤੂਬਰ: ਜ਼ਿਲ੍ਹਾ ਕਾਂਗਰਸ ਕਮੇਟੀ, ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ, ਵਿੱਦਿਅਕ ਸੰਸਥਾਵਾਂ ਦੇ ਗਰਾਊਂਡਾਂ ਅਤੇ ਕੈਂਪਸਾਂ ਨੂੰ ਗੈਰ-ਵਿੱਦਿਅਕ ਸਮਾਗਮਾਂ ਲਈ ਵਰਤਣ ਦੀ ਪ੍ਰਥਾ ਦੀ ਸਖ਼ਤ ਨਿੰਦਾ ਕੀਤੀ ਹੈ।
ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਲਿਖੇ ਪੱਤਰ (ਕਾਪੀ ਨੱਥੀ ਹੈ) ਵਿੱਚ ਦੀਵਾਨ ਨੇ ਕਿਹਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਪੀਏਯੂ ਦੇ ਫੁੱਟਬਾਲ ਅਤੇ ਐਥਲੈਟਿਕਸ ਮੈਦਾਨ ਵਿੱਚ ਕਰਵਾਇਆ ਗਿਆ, ਜਿਸ ਕਾਰਨ ਕਥਿਤ ਤੌਰ ’ਤੇ ਖੇਡ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ। ਜਦਕਿ ਹੁਣ ਬਿਨਾਂ ਕਿਸੇ ਦੇਰੀ ਤੋਂ ਸਰਕਾਰ ਨੇ ਇੱਕ ਹੋਰ ਪ੍ਰੋਗਰਾਮ (ਸਰਸ ਮੇਲਾ) 29 ਅਕਤੂਬਰ ਤੋਂ 5 ਨਵੰਬਰ ਤੱਕ ਪੀਏਯੂ ਦੇ ਗਰਾਊਂਡਾਂ ਵਿੱਚ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਵਾਰ-ਵਾਰ ਕੀਤੀ ਜਾ ਰਹੀ ਵਰਤੋਂ ਨਾ ਸਿਰਫ਼ ਯੂਨੀਵਰਸਿਟੀ ਦੀ ਪਵਿੱਤਰਤਾ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਇਸਦੇ ਮੁੱਖ ਵਿੱਦਿਅਕ ਅਤੇ ਖੇਡ ਮਿਸ਼ਨ ਨੂੰ ਵੀ ਕਮਜ਼ੋਰ ਕਰਦੀ ਹੈ।
ਇਸ ਮੌਕੇ ਦੀਵਾਨ ਨੇ ਪੀਏਯੂ ਨੂੰ ਇੱਕ ਪ੍ਰਮੁੱਖ ਵਿੱਦਿਅਕ ਸੰਸਥਾ ਦੱਸਦਿਆਂ, ਜਿੱਥੇ ਵਿਦਿਆਰਥੀਆਂ, ਸਿੱਖਿਆ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਹਮੇਸ਼ਾ ਸਭ ਤੋਂ ਵੱਧ ਤਰਜੀਹ ਮਿਲਣੀ ਚਾਹੀਦੀ ਹੈ, ਕਿਹਾ ਕਿ 28 ਸਤੰਬਰ ਨੂੰ ਕੈਂਪਸ ਨੂੰ ‘ਜਸ਼ਨ-ਏ-ਇਨਕਲਾਬ’ ਲਈ ਮੰਚ ਵਿੱਚ ਤਬਦੀਲ ਕਰ ਦਿੱਤਾ ਗਿ ਸੀ। ਜਿਹੜਾ ਇੱਕ ਸੰਗੀਤਕ ਸ਼ਾਮ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਹ ਸਮਾਗਮ ਪੀਏਯੂ ਦੇ ਫੁੱਟਬਾਲ ਅਤੇ ਐਥਲੈਟਿਕਸ ਮੈਦਾਨ ਵਿੱਚ ਕਰਵਾਇਆ ਗਿਆ ਸੀ, ਜੋ ਰਵਾਇਤੀ ਤੌਰ ’ਤੇ ਖਿਡਾਰੀਆਂ ਲਈ ਰਾਖਵੇਂ ਰਹਿੰਦੇ ਹਨ ਅਤੇ ਜਿੱਥੇ ਪ੍ਰਵੇਸ਼ ਵੀ ਸੀਮਤ ਹੁੰਦਾ ਹੈ। ਇਸ ਤਰ੍ਹਾਂ ਦੀ ਵਰਤੋਂ ਯੂਨੀਵਰਸਿਟੀ ਦੀ ਪਵਿੱਤਰਤਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸਦੇ ਮੁੱਖ ਮਿਸ਼ ਸਿੱਖਿਆ ਅਤੇ ਖੋਜ ਤੋਂ ਧਿਆਨ ਹਟਾਉਂਦੀ ਹੈ।
ਦੀਵਾਨ ਨੇ ਇਹ ਵੀ ਕਿਹਾ ਕਿ ‘ਜਸ਼ਨ-ਏ-ਇਨਕਲਾਬ’ ਸਮਾਗਮ ਤੋਂ ਬਾਅਦ ਵਿਦਿਆਰਥੀਆਂ, ਖਿਡਾਰੀਆਂ ਅਤੇ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੇ ਪੀਏਯੂ ਨੂੰ ਸਿਰਫ਼ “ਸਿਆਸੀ ਰੈਲੀ ਗਰਾਊਂਡ” ਬਣਾਉਣ ਲਈ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਰਾਜਪਾਲ ਨੂੰ ਜਾਣੂ ਕਰਵਾਇਆ ਕਿ ਪੀਏਯੂ ਵਿੱਚ ਪ੍ਰਸਤਾਵਿਤ ਸਰਸ ਮੇਲੇ ਦਾ ਵਿਰੋਧ ਹੁਣ ਸਿਰਫ਼ ਵਿਦਿਆਰਥੀਆਂ ਤੱਕ ਸੀਮਤ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਏਯੂ ਟੀਚਰਜ਼ ਐਸੋਸੀਏਸ਼ਨ, ਨਾਨ-ਟੀਚਿੰਗ ਸਟਾਫ਼ ਐਸੋਸੀਏਸ਼ਨ ਅਤੇ ਐਲੂਮਨੀ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਹੁਣ ਇਸ ਵਿਰੋਧ ਵਿੱਚ ਸ਼ਾਮਲ ਹੋ ਗਏ ਹਨ ਅਤੇ ਇਹ ਸਵਾਲ ਉਠਾ ਰਹੇ ਹਨ ਕਿ ਯੂਨੀਵਰਸਿਟੀ ਦੀ ਤਰਜੀਹ ਅਕਾਦਮਿਕ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ ਜਾਂ ਸਿਆਸੀ ਤਮਾਸ਼ੇ।
ਇਸ ਦੌਰਾਨ ਵਿਦਿਆਰਥੀ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕਰਦਿਆਂ, ਦੀਵਾਨ ਨੇ ਕਿਹਾ ਕਿ ‘ਜਸ਼ਨ-ਏ-ਇਨਕਲਾਬ’ ਸਮਾਗਮ ਦੌਰਾਨ ਸਭ ਤੋਂ ਵੱਧ ਪ੍ਰੇਸ਼ਾਨੀ ਪੀਏਯੂ ਦੇ ਵਿਦਿਆਰਥੀਆਂ ਨੂੰ ਝੱਲਣੀ ਪਈ ਹੈ। ਜਿਨ੍ਹਾਂ ਨੂੰ ਭਾਰੀ ਪੁਲਿਸ ਬੈਰੀਕੇਡਿੰਗ, ਕੰਨ ਪਾੜਵਾਂ ਸ਼ੋਰ ਅਤੇ ਟ੍ਰੈਫਿਕ ਦੀ ਅਫ਼ਰਾਤਫ਼ਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਸਮਾਗਮ ਵਾਲੀ ਥਾਂ ਲਾਇਬ੍ਰੇਰੀ ਅਤੇ ਲੈਕਚਰ ਹਾਲਾਂ ਦੇ ਬਹੁਤ ਨੇੜੇ ਹੋਣ ਅਤੇ ਮਿਡ-ਟਰਮ ਪ੍ਰੀਖਿਆਵਾਂ ਨੇੜੇ ਹੋਣ ਕਾਰਨ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਇਸ ਨਾਲ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਇੱਕ ਵਿੱਦਿਅਕ ਕੈਂਪਸ ਨੂੰ ਸਿਆਸੀ ਮੰਚ ਵਿੱਚ ਤਬਦੀਲ ਕਰਨਾ ਤਰਜੀਹਾਂ ਦੀ ਗਲਤ ਦਿਸ਼ਾ ਨੂੰ ਦਰਸਾਉਂਦਾ ਹੈ।
ਦੀਵਾਨ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਵਿੱਚੋਂ ਇਹ ਸਪੱਸ਼ਟ ਅਤੇ ਲਗਾਤਾਰ ਮੰਗ ਉੱਠ ਰਹੀ ਹੈ ਕਿ ਵਿੱਦਿਅਕ ਸੰਸਥਾਵਾਂ ਸਿਰਫ਼ ਸਿੱਖਿਆ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਲਈ ਸਮਰਪਿਤ ਰਹਿਣ, ਨਾ ਕਿ ਸਿਆਸੀ ਦਿਖਾਵੇ ਲਈ। ਇਸ ਦੌਰਾਨ ਸਾਰੇ ਸੰਬੰਧਿਤ ਤੱਥਾਂ ਨੂੰ ਰਾਜਪਾਲ ਦੇ ਧਿਆਨ ਵਿੱਚ ਲਿਆਉਂਦਿਆਂ, ਦੀਵਾਨ ਨੇ ਪੰਜਾਬ ਦੇ ਰਾਜਪਾਲ ਤੋਂ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਪ੍ਰਸਤਾਵਿਤ ਸਰਸ ਮੇਲਾ ਪੀਏਯੂ ਦੇ ਮੈਦਾਨਾਂ ਵਿੱਚ ਕਰਵਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਪ੍ਰਮੁੱਖ ਵਿੱਦਿਅਕ ਸੰਸਥਾ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਇਸਦਾ ਕੈਂਪਸ ਵਿਦਿਆਰਥੀਆਂ, ਸਿੱਖਿਆ, ਖੋਜ ਅਤੇ ਵਿਗਿਆਨਕ ਤਰੱਕੀ ਲਈ ਰਾਖਵਾਂ ਰਹਿਣਾ ਚਾਹੀਦਾ ਹੈ, ਨਾ ਕਿ ਇਸ ਨੂੰ ਸਿਆਸੀ ਗਤੀਵਿਧੀਆਂ ਦੇ ਮੰਚ ਵਜੋਂ ਵਰਤਿਆ ਜਾਵੇ।
