ਮੰਗਾਂ ਤੇ ਮਸਲਿਆਂ ਬਾਰੇ ਫਾਰਮ‌ ਭਰ‌‌ਕੇ‌ ਜਾਣਕਾਰੀ ਲੈਣ ਦੀ ਮੁਹਿੰਮ.

ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਚੋਣ ਮੁਹਿੰਮ ਤਹਿਤ ਹਲਕਾ ਆਤਮ ਨਗਰ ਵਿੱਚ ਅਕਾਲੀ ਆਗੂਆਂ ਨੇ ਘਰ ਘਰ ਜਾ ਕੇ ਪੁੱਛੀਆਂ ਸਮੱਸਿਆਵਾਂ ਅਤੇ ਮੰਗਾਂ 

- ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਤਾ ਵਿੱਚ ਲਿਆਉਣਾ ਅਤਿ ਜਰੂਰੀ : ਸੋਖੀ 

ਲੁਧਿਆਣਾ, 6 ਅਕਤੂਬਰ (ਵਰਿੰਦਰ)‌: ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਪੱਧਰ ਤੇ ਘਰ ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਾਰੇ ਵਾਰਡਾਂ ਵਿੱਚ ਹਲਕਾ ਇੰਚਾਰਜ ਸ.ਜਗਬੀਰ ਸਿੰਘ ਸੋਖੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਕਾਲੀ ਆਗੂਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਫਾਰਮ ਭਰਵਾ ਕੇ ਜਾਣਕਾਰੀ ਇੱਕਠੀ ਕੀਤੀ। ਇਸ ਮੌਕੇ ਤੇ ਪਾਰਟੀ ਵਲੋਂ ਛਪਾਏ ਗਏ ਪੈਂਫਲਿਟ ਵੀ ਵੰਡੇ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਜਿਹੜੀਆਂ ਸਕੀਮਾਂ ਆਮ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀਆਂ ਗਈਆਂ ਸਨ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਬੰਦ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਦਾ ਨਾਮ ਬਦਲ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯੂਥ ਅਕਾਲੀ ਆਗੂ ਮਨਸਿਮਰਨ ਸਿੰਘ ਵਲੋਂ ਵਿਸ਼ਵਕਰਮਾ ਕਾਲੋਨੀ ਵਿਖੇ ਕੀਤੇ ਗਏ ਭਾਰੀ ਇਕੱਠ ਵਿੱਚ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ.ਜਗਬੀਰ ਸਿੰਘ ਸੋਖੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਲਈ ਆਟਾ ਦਾਲ ਸਕੀਮ, ਪੈਨਸ਼ਨ ਸਕੀਮ, ਸ਼ਗਨ ਸਕੀਮ, ਅਨੁਸੂਚਿਤ ਜਾਤੀ ਲਈ ਵਜੀਫਾ ਸਕੀਮ, ਮਾਈ ਭਾਗੋ ਵਿਦਿਆ ਸਕੀਮ ਤਹਿਤ ਲੜਕੀਆਂ ਲਈ ਮੁਫ਼ਤ ਸਾਈਕਲ, ਯੁਵਕ ਕਲੱਬਾਂ ਲਈ ਖੇਡ ਕਿੱਟਾਂ, ਤੀਰਥ ਯਾਤਰਾ ਸਕੀਮ, ਮੁਫ਼ਤ ਸੇਵਾ ਕੇਂਦਰ, ਮੁਫ਼ਤ ਦਵਾਈ ਕੇਂਦਰ, ਮੁਫ਼ਤ ਜਾਂਚ ਕੇਂਦਰ, ਆਰ. ਓ. ਸਕੀਮ, ਅਨੁਸੂਚਿਤ ਜਾਤੀ ਲਈ 5 - 5 ਮਰਲੇ ਦੇ ਪਲਾਟ ਦਿੱਤੇ ਪਰ ਆਪ ਸਰਕਾਰ ਨੇ ਵੱਡੀ ਗਿਣਤੀ ਵਿਚ ਸਕੀਮਾ ਬੰਦ ਕਰ ਦਿੱਤੀਆਂ ਅਤੇ ਕੁਝ ਕੁ ਸਕੀਮਾ ਦੇ ਨਾਮ ਬਦਲ ਕੇ ਪੰਜਾਬ ਵਾਸੀਆਂ ਨੂੰ ਜਿੱਥੇ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਉਥੇ ਤੀਰਥ ਯਾਤਰਾ ਸਕੀਮ ਅਤੇ ਰਸੋਈ ਸਕੀਮ ਤਹਿਤ ਪੰਜਾਬ ਦਾ ਸਰਮਾਇਆ ਦਿੱਲੀ ਵਾਲਿਆਂ ਦੇ ਚਹੇਤਿਆਂ ਨੂੰ ਦੋਹੇਂ ਹੱਥੀਂ ਲੁਟਾਇਆ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਵਾਸੀਆਂ ਵਲੋਂ ਦਿੱਤੀਆਂ ਜਾ ਰਹੀਆਂ ਸਲਾਹਾਂ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਆਪਣਾ ਚੋਣ ਮਨੋਰਥ ਪੱਤਰ ਤਿਆਰ ਕਰੇਗਾ ਅਤੇ ਸਰਕਾਰ ਬਣਨ ਉਪਰੰਤ ਉਸ ਦੇ ਅਨੁਸਾਰ ਹੀ ਸਾਰੇ ਕੰਮ ਕੀਤੇ ਜਾਣਗੇ। 
ਸ. ਸੋਖੀ ਨੇ ਆਮ ਆਦਮੀ ਪਾਰਟੀ ਤੇ ਵਰ੍ਹਦੇ ਹੋਏ ਕਿਹਾ ਕਿ ਇਸ ਨੇ ਬਦਲਾਅ ਦੇ ਨਾਮ ਦੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਕੇ ਸਤਾ ਤਾਂ ਪ੍ਰਾਪਤ ਕਰ ਲਈ ਪਰ ਚੋਣਾਂ ਤੋਂ ਪਹਿਲਾਂ ਕਿਤੇ ਗਏ ਵਾਅਦਿਆਂ ਵਿਚੋਂ ਇਕ ਦੋ ਨੂੰ ਛੱਡ ਕੇ ਕੋਈ ਵੀ ਪੂਰਾ ਨਹੀਂ ਕੀਤਾ। ਨਾਂ ਤਾਂ ਇਹ ਰੇਤਾ ਦੀ ਮਾਇਨਿੰਗ ਵਿੱਚੋ 20 ਹਜਾਰ ਕਰੋੜ ਰੁਪਏ ਪੈਦਾ ਕਰ ਸਕੇ ਅਤੇ ਨਾਂ ਪੰਜਾਬ ਵਿਚੋਂ ਨਸ਼ਾ ਖਤਮ ਕਰ ਸਕੀ। ਹਰ ਗਲੀ ਮੁੱਹਲੇ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ, ਜਿਸ ਨੂੰ ਕੋਈ ਰੋਕਣ ਵਾਲਾ ਨਹੀਂ।
ਉਨ੍ਹਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਨੇ ਗੁਰੂਆਂ ਦੀਆਂ ਤਸਵੀਰਾਂ ਤੇ ਸ਼ਰਾਬ ਦੇ ਛਿੱਟੇ ਮਾਰੇ ਅਤੇ ਸਿੱਖਾਂ ਦੇ ਸਰਵਉਚ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹੁਕਮ ਅਦੂਲੀ ਕੀਤੀ ਜਿਸ ਕਾਰਨ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨਿਆ ਗਿਆ ਹੈ। ਪੰਜਾਬ ਦੇ ਖਰਚੇ ਤੇ ਸਾਰੇ ਦੇਸ਼ ਵਿੱਚ ਮਸ਼ਹੂਰੀਆਂ ਕਰਨ ਅਤੇ ਦਿੱਲੀ ਦੇ ਨਕਾਰੇ ਹੋਏ ਲੋਟੂ ਟੋਲੇ ਦੇ ਘਰ ਭਰਨ ਕਾਰਨ ਪੰਜਾਬ ਲਗਭਗ 4.5 ਲੱਖ ਕਰੋੜ ਰੁਪਏ ਦਾ ਕਰਜ਼ਾਈ ਦਿੱਤਾ ਹੈ। 
ਸ. ਸੋਖੀ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਗੈਂਗਸਟਰ ਅਤੇ ਲੁਟੇਰੇ ਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਪੰਜਾਬ ਵਾਸੀਆਂ ਦੀ ਅਜਮਾਈ ਹੋਈ ਇਕੋ ਇਕ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਤਾ ਵਿੱਚ ਲਿਆਉਣਾ ਅਤਿ ਜਰੂਰੀ ਹੈ।
 ਇਸ ਮੌਕੇ ਤੇ ਵੱਖ ਵੱਖ ਵਾਰਡਾਂ ਵਿੱਚ ਲੋਕਾਂ ਨਾਲ ਰਾਬਤਾ ਕਰਨ ਵਾਲਿਆਂ ਵਿੱਚ ਪ੍ਰਵੀਨ ਭਾਰਤੀ, ਹਰਦੀਪ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਕੌਰ ਪ੍ਰੀਤੀ, ਸਰਿਤਾ, ਅੰਜਲੀ, ਬਲਕਾਰ ਸਿੰਘ, ਕੁਲਦੀਪ ਸਿੰਘ ਖਾਲਸਾ, ਜੋਂਟੀ ਨਾਹਰ, ਡਾ. ਕਮਲਜੀਤ ਸਿੰਘ, ਮਨਜੀਤ ਸਿੰਘ ਰੰਗੀ, ਜੀਵਨ ਸੇਖਾ, ਮਨਜਿੰਦਰ ਸਿੰਘ ਮੰਗਾ, ਲਖਵਿੰਦਰ ਸਿੰਘ ਗਿੱਲ, ਮਨਵਿੰਦਰ ਗਾਂਧੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਅਹੁਦੇਦਾਰ ਅਤੇ ਵਰਕਰ ਸ਼ਾਮਲ ਸਨ।