ਫਾਇਰਿੰਗ .

ਫਾਰਚੂਨਰ ਕਾਰ ਸਵਾਰ ਨੌਜਵਾਨਾਂ ਨੇ ਵਿਦਿਆਰਥੀ ’ਤੇ ਕੀਤੀ ਫਾਇਰਿੰਗ


ਲੁਧਿਆਣਾ (ਵਿਜੇ)
ਲੁਧਿਆਣਾ ਦੇ ਜਨਤਾ ਨਗਰ ਇਲਾਕੇ ਵਿੱਚ ਸ਼ਨੀਵਾਰ ਰਾਤ ਫਾਰਚੂਨਰ ਕਾਰ ਸਵਾਰ ਨੌਜਵਾਨ ਵੱਲੋਂ ਇੱਕ ਵਿਦਿਆਰਥੀ ’ਤੇ ਫਾਇਰਿੰਗ ਕੀਤੇ ਜਾਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਹਮਲਾ ਕਰਨ ਵਾਲਾ ਨੌਜਵਾਨ ਵੀ ਲੜਕੇ ਦੇ ਨਾਲ ਕਾਲਜ ਵਿੱਚ ਹੀ ਪੜ੍ਦਾ ਹੈ।  ਹਮਲਾਵਰਾਂ ਦੀ ਗਿਣਤੀ   ਗਿਣਤੀ 7 ਤੋਂ 8 ਦੱਸੀ ਜਾ ਰਹੀ ਹੈ। ਗਨੀਮਤ ਰਹੀ ਕਿ ਨਿਸ਼ਾਨਾ ਬਣਾਇਆ ਗਿਆ ਵਿਦਿਆਰਥੀ ਗੋਲੀਆਂ ਦੀ ਲਪੇਟ ਵਿੱਚ ਨਹੀਂ ਆਇਆ ਅਤੇ ਵਾਲ-ਵਾਲ ਬਚ ਗਿਆ। ਘਟਨਾ ਤੋਂ ਬਾਅਦ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਕੋਟ ਮੰਗਲ ਸਿੰਘ ਇਲਾਕੇ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਇੰਦਰਪਾਲ ਸਿੰਘ  ਬੱਦੋਵਾਲ ਦੇ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਇਲਾਕੇ ਵਿੱਚ ਆਪਣੀ ਫੈਕਟਰੀ ਵੀ ਚਲਾਉਂਦਾ ਹੈ। ਪੁਲਿਸ ਮੁਤਾਬਕ ਕਾਲਜ ਵਿੱਚ ਪੜ੍ਹਦੀ ਇੱਕ ਲੜਕੀ ਨਾਲ ਪਹਿਲਾਂ ਇਸ ਨੌਜਵਾਨ ਦੀ ਦੋਸਤੀ ਸੀ, ਪਰ ਬਾਅਦ ਵਿੱਚ ਲੜਕੀ ਦੀ ਦੋਸਤੀ ਮੁੱਲਾਂਪੁਰ ਵਾਸੀ ਸ਼ਾਨ ਗਰੇਵਾਲ ਨਾਲ ਹੋ ਗਈ। ਸ਼ਾਨ ਗਰੇਵਾਲ ਵੀ ਉਸੇ ਕਾਲਜ ਵਿੱਚ ਪੜ੍ਹਦਾ ਦੱਸਿਆ ਗਿਆ ਹੈ।
ਪੁਲਿਸ ਅਨੁਸਾਰ ਸ਼ਨੀਵਾਰ ਰਾਤ ਇੰਦਰਪਾਲ  ਲੜਕੀ ਦੇ ਘਰ ਦੇ ਨੇੜੇ ਮੌਜੂਦ ਸੀ। ਇਸ ਦੌਰਾਨ ਸ਼ਾਨ ਗਰੇਵਾਲ ਆਪਣੇ 7 ਤੋਂ 8 ਸਾਥੀਆਂ ਨਾਲ ਫਾਰਚੂਨਰ ਕਾਰ ਵਿੱਚ ਉੱਥੇ ਪਹੁੰਚ ਗਿਆ। ਇੰਦਰਪਾਲ ਦੇ ਮੁਤਾਬਕ ਸ਼ਾਨ ਗਰੇਆਲ ਨੇ   ਫੋਨ ਕਰਕੇ ਧਮਕੀ ਦਿੱਤੀ ਅਤੇ ਇਸ ਤੋਂ ਬਾਅਦ ਫਾਰਚੂਨਰ ਵਿੱਚੋਂ ਬਾਹਰ ਨਿਕਲ ਕੇ ਉਸ ਵੱਲ ਫਾਇਰਿੰਗ ਕਰ ਦਿੱਤੀ।
ਪੀੜਤ ਨੌਜਵਾਨ ਦੇ ਅਨੁਸਾਰ ਉਸ ’ਤੇ ਦੋ ਵਾਰ ਫਾਇਰ ਕੀਤਾ ਗਿਆ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਗਨੀਮਤ ਰਹੀ ਕਿ ਦੋਵੇਂ ਗੋਲੀਆਂ ਉਸ ਨੂੰ ਨਹੀਂ ਲੱਗੀਆਂ ਅਤੇ ਉਹ ਵਾਲ-ਵਾਲ ਬਚ ਗਿਆ। ਫਾਇਰਿੰਗ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਮੌਕੇ ਤੋਂ ਇੱਕ ਗੋਲੀ ਦਾ ਖੋਲ ਬਰਾਮਦ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਛੇ ਦੇ ਇੰਚਾਰਜ ਪ੍ਰਮੋਦ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਐਸਐਚਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਗੋਲੀ ਦਾ ਖੋਲ ਬਰਾਮਦ ਕੀਤਾ ਹੈ।
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁੱਲਾਂਪੁਰ ਵਾਸੀ ਸ਼ਾਨ ਗਰੇਵਾਲ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹਮਲੇ  ਵਿੱਚ ਸ਼ਾਮਲ ਹੋਰ ਨੌਜਵਾਨਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।