ਬਰਡ ਵਾਕ.
ਛੱਤਬੀੜ ਜੂ ਵਿੱਚ ਬਰਡ ਵਾਕ, ਟ੍ਰਾਈਸਿਟੀ ਦੇ ਫੋਟੋਗ੍ਰਾਫਰਾਂ ਨੇ ਕੁਦਰਤ ਨੂੰ ਕੈਮਰਿਆਂ ’ਚ ਕੀਤਾ ਕੈਦ
ਵਾਈਲਡਲਾਈਫ ਵੀਕ-2026 ਤਹਿਤ ਕਰਵਾਈ ਗਈ ਮਾਰਨਿੰਗ ਫੋਟੋ ਵਾਕ ਵਿੱਚ ਵਾਈਲਡਲਾਈਫ ਫੋਟੋਗ੍ਰਾਫਰਾਂ ਤੇ ਕੁਦਰਤ ਪ੍ਰੇਮੀਆਂ ਨੇ ਲਿਆ ਹਿੱਸਾ
ਚੰਡੀਗੜ੍ਹ, 3 ਅਕਤੂਬਰ: ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਮਨਾਏ ਜਾ ਰਹੇ ਵਾਈਲਡਲਾਈਫ ਵੀਕ-2026 ਤਹਿਤ ਸ਼ਨੀਵਾਰ ਨੂੰ ਛੱਤਬੀੜ ਜੂ ਵਿੱਚ ਵਿਸ਼ੇਸ਼ ਬਰਡ ਵਾਕ ਅਤੇ ਮਾਰਨਿੰਗ ਫੋਟੋ ਵਾਕ ਕਰਵਾਈ ਗਈ। ਛੱਤਬੀੜ ਜੂ ਅਥਾਰਟੀ ਅਤੇ ਸੋਸ਼ਲ ਸਬਸਟੈਂਸ ਦੇ ਸਹਿਯੋਗ ਨਾਲ ਹੋਏ ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਤੋਂ ਵੱਡੀ ਗਿਣਤੀ ਵਿੱਚ ਵਾਈਲਡਲਾਈਫ ਫੋਟੋਗ੍ਰਾਫਰਾਂ, ਆਰਟ ਫੋਟੋਗ੍ਰਾਫਰਾਂ ਅਤੇ ਕੁਦਰਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਸਵੇਰ ਦੇ ਸ਼ਾਂਤ ਅਤੇ ਸੁਹਾਵਣੇ ਮਾਹੌਲ ਵਿੱਚ ਹੋਈ ਇਸ ਬਰਡ ਵਾਕ ਦੌਰਾਨ ਫੋਟੋਗ੍ਰਾਫਰਾਂ ਨੇ ਛੱਤਬੀੜ ਜੂ ਵਿੱਚ ਮੌਜੂਦ ਵੱਖ-ਵੱਖ ਕਿਸਮਾਂ ਦੇ ਪੰਛੀਆਂ ਦੀਆਂ ਗਤੀਵਿਧੀਆਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ। ਇਸ ਤੋਂ ਇਲਾਵਾ ਦੁਰਲੱਭ ਜੰਗਲੀ ਜੀਵਾਂ, ਕੁਦਰਤੀ ਦ੍ਰਿਸ਼ਾਂ ਅਤੇ ਜੈਵ ਵਿਭਿੰਨਤਾ ਦੀਆਂ ਖੂਬਸੂਰਤ ਝਲਕੀਆਂ ਵੀ ਫੋਟੋਗ੍ਰਾਫੀ ਦਾ ਕੇਂਦਰ ਰਹੀਆਂ।
ਸੋਸ਼ਲ ਸਬਸਟੈਂਸ ਦੇ ਅਰੁਣ ਭਾਟੀਆ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਫੋਟੋਗ੍ਰਾਫੀ ਅਤੇ ਡਾਕੂਮੈਂਟੇਸ਼ਨ ਰਾਹੀਂ ਕੁਦਰਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਲਈ ਲਗਾਤਾਰ ਕੰਮ ਕਰ ਰਹੀ ਹੈ। ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ (ਤਪਸ) ਦੇ ਮੈਂਟਰ ਦੀਪ ਭਾਟੀਆ ਨੇ ਦੱਸਿਆ ਕਿ ਤਪਸ ਪਿਛਲੇ 10 ਸਾਲਾਂ ਤੋਂ ਖੇਤਰ ਵਿੱਚ ਕਲਾਤਮਕ ਫੋਟੋਗ੍ਰਾਫੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਕੁਦਰਤ ਅਤੇ ਜੰਗਲੀ ਜੀਵਨ ਨਾਲ ਜੋੜਨ ਲਈ ਯਤਨਸ਼ੀਲ ਹੈ।
ਇਸ ਮੌਕੇ ਛੱਤਬੀੜ ਜੂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਉਨ੍ਹਾਂ ਵੱਲੋਂ ਭਾਗੀਦਾਰ ਸੰਸਥਾਵਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਫੋਟੋਗ੍ਰਾਫਰਾਂ ਦੀ ਮੰਗ ’ਤੇ ਜੂ ਅਧਿਕਾਰੀਆਂ ਨੇ ਦੱਸਿਆ ਕਿ ਵਾਈਲਡਲਾਈਫ ਅਤੇ ਆਰਟ ਫੋਟੋਗ੍ਰਾਫੀ ਨਾਲ ਜੁੜੇ ਕਲਾਕਾਰਾਂ ਲਈ ਕੈਮਰਾ ਫੀਸ ਵਜੋਂ ਲਈ ਜਾਣ ਵਾਲੀ ₹500 ਦੀ ਫੀਸ ਮੁਆਫ਼ ਕੀਤੀ ਜਾਵੇਗੀ।
ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੇ ਪੰਛੀਆਂ ਨੂੰ ਉਨ੍ਹਾਂ ਦੇ ਕੁਦਰਤੀ ਆਵਾਸ ਵਿੱਚ ਦੇਖਣ ਦੇ ਨਾਲ ਉਨ੍ਹਾਂ ਦੇ ਵਿਹਾਰ, ਆਵਾਜ਼ਾਂ, ਉਡਾਣ ਅਤੇ ਭੋਜਨ ਦੀ ਭਾਲ ਵਰਗੀਆਂ ਗਤੀਵਿਧੀਆਂ ਨੂੰ ਨੇੜਿਓਂ ਸਮਝਿਆ। ਆਯੋਜਕਾਂ ਅਨੁਸਾਰ ਅਜਿਹੇ ਪ੍ਰੋਗਰਾਮਾਂ ਦਾ ਉਦੇਸ਼ ਲੋਕਾਂ, ਖਾਸ ਕਰਕੇ ਨੌਜਵਾਨਾਂ ਅਤੇ ਕੁਦਰਤ ਪ੍ਰੇਮੀਆਂ ਵਿੱਚ ਪੰਛੀ ਨਿਰੀਖਣ, ਜੈਵ ਵਿਭਿੰਨਤਾ ਦੀ ਸੰਭਾਲ ਅਤੇ ਕੁਦਰਤੀ ਆਵਾਸਾਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਪੰਛੀ ਕਿਸੇ ਵੀ ਵਾਤਾਵਰਣ ਪ੍ਰਣਾਲੀ ਦੀ ਸਿਹਤ ਦੇ ਮਹੱਤਵਪੂਰਨ ਸੰਕੇਤਕ ਹੁੰਦੇ ਹਨ। ਇਸ ਲਈ ਕੁਦਰਤ ਨਾਲ ਸਿੱਧਾ ਜੁੜਨ ਵਾਲੀਆਂ ਅਜਿਹੀਆਂ ਗਤੀਵਿਧੀਆਂ ਲੋਕਾਂ ਵਿੱਚ ਜੰਗਲੀ ਜੀਵਾਂ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਨ੍ਹਾਂ ਨੇ ਲਿਆ ਹਿੱਸਾ: ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ ਵੱਲੋਂ ਦੀਪ ਭਾਟੀਆ, ਹੇਮੰਤ ਚੌਹਾਨ, ਪ੍ਰਵੀਨ ਨੈਨ, ਪੀਯੂਸ਼ ਚਿੱਤਰਾ, ਰਾਜੇਸ਼ ਆਰਿਆ, ਰਾਹੁਲ ਬਖ਼ਸ਼ੀ, ਅਸ਼ੋਕ ਗੋਇਲ, ਸੁਭਾਸ਼ ਗੋਇਲ, ਸੰਦੀਪ ਸੈਣੀ, ਅੰਗਸੁਮਨ ਰਾਏ ਚੌਧਰੀ ਅਤੇ ਤਰਨਜੀਵ ਸਿੰਘ ਸਮੇਤ ਹੋਰ ਫੋਟੋਗ੍ਰਾਫਰਾਂ ਨੇ ਬਰਡ ਵਾਕ ਵਿੱਚ ਸ਼ਮੂਲੀਅਤ ਕੀਤੀ।
