ਵਰੁਣ ਰਾਜ ਬਣੇ ਕਾਰਜਕਾਰੀ ਪ੍ਰਧਾਨ .
ਜੇਕਰ ਨਿਗਮ ਵਲੋਂ ਪ੍ਰਾਈਵੇਟ ਕੰਪਨੀ ਨੂੰ ਡੋਰ ਟੂ ਡੋਰ ਕੂੜਾ ਚੁੱਕਣ ਦਾ ਠੇਕੇ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਿਗਮ ਪ੍ਰਸ਼ਾਸ਼ਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ : ਧੀਂਗਾਨ
ਵਰੁਣ ਰਾਜ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਣੇ
ਲੁਧਿਆਣਾ (ਇੰਦਰਜੀਤ) : ਨਗਰ ਨਿਗਮ ਲੁਧਿਆਣਾ ਵਿਚ ਕੰਮ ਕਰਦੇ ਓਵਰਏਜ਼ ਮੁਲਾਜ਼ਮ, ਮਾਲੀ ਬੇਲਦਾਰ, ਸਫ਼ਾਈ ਕਰਮਚਾਰੀ ਅਤੇ ਡਰਾਈਵਰਾਂ ਸਮੇਤ ਸਮੂਹ ਦਰਜਾਚਾਰ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸ਼ਨ ਤੁਰੰਤ ਪੱਕਾ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਾਨ ਵਲੋਂ ਆਪਣੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਇਸ ਦੌਰਾਨ ਨਰੇਸ਼ ਧੀਂਗਾਨ ਵਲੋਂ ਯੂਨੀਅਨ ਦੇ ਬਹੁਤ ਹੀ ਮਿਹਨਤੀ ਆਗੂ ਵਰੁਣ ਰਾਜ ਨੂੰ ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਯੂਨੀਅਨ ਦਾ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਇਸ ਦੌਰਾਨ ਮੀਟਿੰਗ ਵਿਚ ਹਾਜ਼ਰ ਸਮੂਹ ਆਗੂਆਂ ਵਲੋਂ ਵਰੁਣ ਰਾਜ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਵਰੁਣ ਰਾਜ ਨੇ ਆਪਣੀ ਇਸ ਨਿਯੁਕਤੀ ਲਈ ਨਰੇਸ਼ ਧੀਂਗਾਨ ਅਤੇ ਯੂਨੀਅਨ ਦੀ ਸਮੂਹ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਦੌਰਾਨ ਨਰੇਸ਼ ਧੀਂਗਾਨ ਵਲੋਂ ਪੰਜਾਬ ਸਰਕਾਰ ਦੀ ਵਾਅਦਾਖਿਲਾਫ਼ੀ ਕਾਰਨ ਨਿਗਮ ਮੁਲਾਜ਼ਮਾਂ ਵਿਚ ਬਹੁਤ ਜਿਆਦਾ ਰੋਸ ਦੀ ਭਾਵਨਾ ਹੈ ਕਿਉਂਕਿ ਜਦੋਂ ਨਿਗਮ ਮੁਲਾਜ਼ਮਾਂ ਵਲੋਂ ਹੜਤਾਲ ਕੀਤੀ ਗਈ ਸੀ ਤਾਂ ਲੋਕਲ ਬਾਡੀ ਮੰਤਰੀ, ਲੁਧਿਆਣਾ ਸ਼ਹਿਰ ਦੇ ਵਿਧਾਇਕਾਂ, ਮੇਅਰ ਵਲੋਂ ਨਿਗਮ ਮੁਲਾਜ਼ਮਾਂ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਸੀ ਮੁਲਾਜ਼ਮਾਂ ਨੂੰ ਜਲਦੀ ਹੀ ਪੱਕਾ ਕੀਤਾ ਜਾਵੇਗਾ ਪ੍ਰੰਤੂ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਆਪਣੇ ਲਿਖਤੀ ਵਾਅਦੇ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਨਿਗਮ ਵਲੋਂ ਠੇਕੇਦਾਰੀ ਪ੍ਰਥਾ ਅਤੇ ਡੂਰ ਟੂ ਡੋਕ ਕੂੜਾ ਕਲੈਸ਼ਨ ਦਾ ਕੰਪਨੀ ਨੂੰ ਠੇਕਾ ਦੇਣ ਦੇ ਪ੍ਰਸਤਾਵ ਖਿਲਾਫ਼ ਵੀ ਵਾਲਮੀਕਿ ਸਮਾਜ ਵਲੋਂ ਸੜਕਾਂ ’ਤੇ ਉਤਰ ਤੇ ਪ੍ਰਦਰਸ਼ਨ ਕੀਤਾ ਗਿਆ ਜਿਸ ਤੇ ਨਿਗਮ ਵਲੋਂ ਇਸ ਸੰਬੰਧੀ ਵੀ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਡੋਰ ਟੂ ਡੋਰ ਕੂੜੇ ਦਾ ਕੰਮ ਠੇਕੇ ਉਤੇ ਨਹੀਂ ਦਿੱਤਾ ਜਾਵੇਗਾ ਅਤੇ ਜੇਕਰ ਨਿਗਮ ਪ੍ਰਸ਼ਾਸ਼ਨ ਵਲੋਂ ਸੰਬੰਧੀ ਵੀ ਵਾਅਦਾ ਖਿਲਾਫ਼ੀ ਦੀ ਕੋਸਿਸ਼ ਕੀਤੀ ਗਈ ਅਤੇ ਚੋਰ ਮੋਰੀ ਰਾਹੀ ਇਸ ਪ੍ਰਸਤਾਵ ਨੂੰ ਫ਼ਿਰ ਤੋਂ ਲਿਆਉਣ ਦੀ ਕੋਸਿਸ਼ ਕੀਤੀ ਗਈ ਤਾਂ ਨਿਗਮ ਪ੍ਰਸ਼ਾਸ਼ਨ ਨੂੰ ਇਸਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਰਵੀ ਮਤੰਗ, ਪਿੰਕਾ ਚੰਡਾਲਿਆ, ਪ੍ਰਦੀਪ ਲਾਂਬਾ, ਰਾਜਵੀਰ ਚੋਟਾਲਾ, ਸੁਭਾਸ਼ ਸੌਦੇ, ਰਾਜੇਸ਼ ਟਾਂਕ, ਪੱਪੂ ਬੇਦੀ, ਸੁਮਿਤ ਚੋਟਾਲਾ, ਵਿਕਾਸ ਸੌਦੇ ਆਦਿ ਹਾਜ਼ਰ ਸਨ।
