ਗ਼ਜ਼ਲ/ਅਸ਼ਵਨੀ ਜੇਤਲੀ ਪ੍ਰੇਮ.

ਪਥਰਾਏ ਪਥਰਾਏ ਦਿਨ।
ਕਿਸਮਤ ਝੋਲੀ ਪਾਏ ਦਿਨ।

ਜੋ ਦਿਨ ਸੱਜਣਾਂ ਸੰਗ ਬਿਤਾਏ,
ਹਰ ਦਿਨ ਚੇਤੇ ਆਏ ਦਿਨ।

ਕੀ ਦੱਸੀਏ ਕਿ ਉਸਦੇ ਬਿਨ,
ਕਿੱਦਾਂ ਹੁਣ ਲੰਘਾਏ ਦਿਨ।

ਖਵਰੇ ਕਿੱਥੇ ਜਾ ਡੁੱਬੇ ਨੇ,
ਮੁੜ ਵਾਪਸ ਨਾ ਆਏ ਦਿਨ।

ਰਾਤੀਂ ਹੰਝੂਆਂ ਦਾ ਹੜ੍ਹ ਆਇਆ,
ਦਿਨ ਚੜ੍ਹਿਆ ਤ੍ਰਿਹਾਏ ਦਿਨ!

ਤੂੰ ਸੀ ਤਾਂ ਸੀ ਖਿੜ ਖਿੜ ਜਾਂਦੇ,
ਤੁਰ ਗਿ�"ਂ ਤੂੰ ਮੁਰਝਾਏ ਦਿਨ।

ਦੁੱਖ, ਦਰਦ ਤੇ ਪੀੜ-ਪਰੁੰਨੇ,
ਸਾਡੇ ਹਿੱਸੇ ਆਏ ਦਿਨ।

ਖੰਜਰ ਬਣ ਸੀਨੇ ਵਿਚ ਖੁੱਭੇ,
ਫਿਰ ਵੀ ਸੀਨੇ ਲਾਏ ਦਿਨ।

ਚਾਹੁੰਦੈ 'ਪ੍ਰੇਮ' ਕਿ ਪ੍ਰੇਮ ਭਰੇ ਹੀ,
ਹੋਵਣ ਸਭ ਹਮਸਾਏ ਦਿਨ।