ਅੱਖਾਂ ਵਾਲੇ / - ਸੁਰਿੰਦਰ ਦੀਪ.
ਏ. ਸੀ. ਕੋਚ ਦੀ ਸਾਹਮਣੀ ਸੀਟ ’ਤੇ ਬੈਠੇ ਜੋੜੇ ਨੂੰ ਦੇਖ ਕੇ ਮਹਿਕਦੀਪ ਸੋਚ ਰਹੀ ਸੀ, ਜੇ ਹਰੇਕ ਜੋੜਾ ਇਨ੍ਹਾਂ ਵਾਂਗ ਖ਼ੁਸ਼ ਰਹੇ ਤਾਂ ਤਲਾਕ ਦੀ ਨੌਬਤ ਹੀ ਨਾ ਆਵੇ। ਉਹ ਆਪਣੀ ਛੋਟੀ ਜਿਹੀ ਬੱਚੀ ਨੂੰ ‘ਪਰੀ’ ਕਹਿ ਕੇ ਬਾਰ ਬਾਰ ਦੁਲਾਰ ਰਹੇ ਸਨ। ਇਕ ਦੂਜੇ ਪ੍ਰਤੀ ਏਨਾ ਲਗਾਵ ਦੇਖ ਕੇ ਇੰਝ ਲਗ ਰਿਹਾ ਸੀ ਜਿਵੇਂ ਦੋ ਮੂਰਤ ਇਕ ਜਾਨ ਹੋਣ।
ਮਹਿਕਦੀਪ ਨੇ ਬੱਚੀ ਨੂੰ ਪਿਆਰ ਕਰਦਿਆਂ ਪੁੱਛਿਆ, ‘ਪਰੀ ਕਿੱਥੇ ਜਾ ਰਹੀ ਏ?’
‘‘ਨਾਨੀ ਹਾਊਸ।’’ ਬੱਚੀ ਨੇ ਮੁਸਕਰਾਉਦਿਆਂ ਜਵਾਬ ਦਿੱਤਾ।
ਪਤਨੀ ਨੇ ਬੱਚੀ ਨੂੰ ਗੋਦੀ ਚੁੱਕ ਲਿਆ ਤੇ ਸਕਸੈਨਾ ਸਾਹਿਬ ਨੇ ਸੀਟ ’ਤੇ ਚਾਦਰ ਵਿਛਾ ਦਿੱਤੀ। ਸਿਰਹਾਣਾ ਤੇ ਕੰਬਲ ਰੱਖ ਕੇ ਬਿਸਤਰਾ ਤਿਆਰ ਕਰ ਦਿੱਤਾ। ਇਕ ਸਟੇਸ਼ਨ ’ਤੇ ਗੱਡੀ ਰੁਕੀ ਤਾਂ ਸਕਸੈਨਾ ਸਾਹਿਬ ਨੇ ਸਟੇਸ਼ਨ ਤੋਂ ਖਾਣ ਪੀਣ ਦਾ ਸਮਾਨ ਲਿਆ ਕੇ ਪਤਨੀ ਨੂੰ ਦਿੰਦਿਆਂ ਕਿਹਾ, ‘‘ਮੈਂ ਬੀ 5 ਦੀ ਸੀਟ ਨੰਬਰ 60 ਤੇ ਹਾਂ ਜੇ ਕੋਈ ਮੁਸ਼ਕਲ ਹੋਵੇ ਤਾਂ ਫ਼ੋਨ ਕਰ ਦੇਣਾ।’’ ਮਹਿਕਦੀਪ ਬੜੇ ਧਿਆਨ ਨਾਲ ਇਨ੍ਹਾਂ ਨੂੰ ਦੇਖ ਰਹੀ ਸੀ।
ਜਦੋਂ ਸਕਸੈਨਾ ਸਾਹਿਬ ਆਪਣੇ ਪਰਿਵਾਰ ਕੋਲ ਦੁਬਾਰਾ ਆਏ ਤਾਂ ਉਹ ਸੀਟ ਨੂੰ ਟੋਹ ਰਹੇ ਸਨ।
‘‘ਅੰਕਲ ! ਮੈਂ ਕੁਝ ਮਦਦ ਕਰਾਂ?’’ ਕਹਿੰਦਿਆਂ ਮਹਿਕਦੀਪ ਉਨ੍ਹਾਂ ਦੀ ਮਦਦ ਕਰਨ ਲਈ ਸੀਟ ਤੋਂ ਖੜ੍ਹੀ ਹੋ ਗਈ।
‘‘ਧੰਨਵਾਦ ਬੇਟੀ। ਇਕ ਗੱਲ ਦੱਸਾਂ! ਮੈਂ ਤੇ ਮੇਰੀ ਪਤਨੀ ਦੋਨੋਂ ਬਿਲਕੁਲ ਨਹੀਂ ਦੇਖ ਸਕਦੇ। ਬੱਚੀ ਦੇਖ ਸਕਦੀ ਹੈ। ਪਰ ਅਸੀਂ ਸਾਰੇ ਕੰਮ ਖ਼ੁਦ ਕਰ ਸਕਦੇ ਹਾਂ।’’ ਉਨ੍ਹਾਂ ਨੇ ਹੱਸਦਿਆਂ ਕਿਹਾ।
ਸਕਸੈਨਾ ਸਾਹਿਬ ਦਾ ਜਵਾਬ ਸੁਣ ਕੇ ਮਹਿਕਦੀਪ ਜਿਵੇਂ ਸੁੰਨ ਜਿਹੀ ਹੋ ਗਈ। ਨਾ ਕੋਈ ਚਸ਼ਮਾ, ਨਾ ਸੋਟੀ। ਬਰੇਲ ਘੜੀ ਤੋਂ ਟਾਈਮ ਦੇਖ ਲੈਂਦੇ ਨੇ ਤੇ ਮੋਬਾਈਲ ਤੇ ਇਕ ਦੂਜੇ ਨਾਲ ਗੱਲਾਂ ਵੀ ਕਰੀ ਜਾਂਦੇ ਨੇ। ਦੂਜੇ ਡੱਬੇ ਵਿਚ ਆਪਣੀ ਸੀਟ ਤੇ ਵੀ ਬਿਨਾਂ ਕਿਸੇ ਦੀ ਮਦਦ ਲਏ ਪਹੁੰਚ ਜਾਣਾ ਕੋਈ ਸੌਖਾ ਕੰਮ ਨਹੀਂ। ਏਨੇ ਨੂੰ ਮਿਸਿਜ਼ ਸਕਸੈਨਾ ਨੇ ਬੱਚੀ ਨੂੰ ਗੋਦ ’ਚ ਚੁੱਕਿਆ ਤੇ ਵਾਸ਼ਰੂਮ ਲੈ ਗਈ। ਇਹ ਸਭ ਮਹਿਕਦੀਪ ਲਈ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਉਸ ਸੋਚ ਰਹੀ ਸੀ ਕਿ ਅਸੀਂ ਅੱਖਾਂ ਵਾਲੇ ਦੂਜੇ ਤੋਂ ਕੰਮ ਕਰਵਾਉਣ ਨੂੰ ਕਿੰਨੇ ਕਾਹਲੇ ਹੁੰਦੇ ਨੇ, ਪਰ ਇਸ ਤਰ੍ਹਾਂ ਦੇ ਇਨਸਾਨ . . .? - ਸੁਰਿੰਦਰ ਦੀਪ
