ਸਮੱਸਿਆਵਾਂ 'ਤੇ ਚਰਚਾ.



*ਵਿਧਾਇਕ ਸਿੱਧੂ ਦੀ ਪ੍ਰਧਾਨਗੀ ਹੇਠ ਪੰਜਾਬ ਸਕੂਟਰ ਬਾਜ਼ਾਰ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ*

*- ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ’ਚ ਆ ਰਹੀਆਂ ਸਮੱਸਿਆਵਾਂ ਬਾਰੇ ਕੀਤੀ ਵਿਚਾਰ ਚਰਚਾ*

*- ਮਾਲਕੀ ਤਬਦੀਲੀ, ਹਾਇਰ ਪਰਚੇਜ ਕਟਵਾਉਣ/ਚੜਾਉਣ ਦੀ ਪ੍ਰਕਿਰਿਆ ਸੁਖਾਵੀਂ ਕਰਨ ਦੀ ਵੀ ਕੀਤੀ ਅਪੀਲ*

ਲੁਧਿਆਣਾ, 11 ਅਗਸਤ (ਇੰਦਰਜੀਤ) – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ, ਪੰਜਾਬ ਸਕੂਟਰ ਬਾਜ਼ਾਰ ਐਸੋਸੀਏਸ਼ਨ ਨਾਲ ਇੱਕ ਅਹਿਮ ਮੀਟਿੰਗ ਦਾ ਆਯੋਜਨ ਹੋਇਆ ਜਿੱਥੇ  ਵਾਹਨ 4.0 ਸਬੰਧੀ ਗੰਭੀਰ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਮੀਟਿੰਗ ਦੌਰਾਨ ਸਕੂਟਰ ਵਪਾਰੀਆਂ ਵੱਲੋਂ ਵਿਧਾਇਕ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਵਾਹਨ 4.0 ਵਿੱਚ ਓ.ਟੀ.ਪੀ. ਅਤੇ ਹੋਰ ਤਕਨੀਕੀ ਸਮੱਸਿਆਵਾਂ ਕਾਰਨ ਵਪਾਰੀਆਂ ਨੂੰ ਵਾਹਨਾਂ ਦੀ ਖਰੀਦ-ਫਰੋਖ਼ਤ, ਮਾਲਕੀ ਤਬਦੀਲੀ, ਹਾਇਰ ਪਰਚੇਜ ਕਟਵਾਉਣ/ਚੜਾਉਣ ਨਾਲ ਸਬੰਧਤ ਕੰਮਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਪੰਜਾਬ ਸਕੂਟਰ ਬਾਜ਼ਾਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਦੀਪਕ ਅਰੋੜਾ ਅਤੇ ਚੇਅਰਮੈਨ ਗੁਰਤੇਜ ਸਿੰਘ ਤੇਜਾ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਸਕੂਟਰ ਵਪਾਰੀ ਵੀ ਮੌਜੂਦ ਸਨ।

ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਅਤੇ ਪੱਕਾ ਹੱਲ ਕੀਤਾ ਜਾਵੇ  ਜਿਸ ਨਾਲ ਪੰਜਾਬ ਸੂਬੇ ਦੇ ਹਜ਼ਾਰਾਂ ਸਕੂਟਰ ਵਪਾਰੀਆਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਦਾ ਕਾਰੋਬਾਰ ਵੀ ਸੁਚਾਰੂ ਢੰਗ ਨਾਲ ਚੱਲ ਸਕੇਗਾ।

ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਟਰਾਂਸਪੋਰਟ ਵਿਭਾਗ ਨਾਲ ਰਾਬਤਾ ਕਰਕੇ ਵਾਹਨ 4.0 ਵਿੱਚ ਮਾਲਕੀ ਤਬਦੀਲੀ, ਹਾਇਰ ਪਰਚੇਜ ਕਟਵਾਉਣ/ਚੜਾਉਣ, ਓ.ਟੀ.ਪੀ. ਅਤੇ ਹੋਰ ਸਮੱਸਿਆਵਾਂ ਦਾ ਜਲਦ ਨਿਬੇੜਾ ਕਰਵਾੲਆ ਜਾਵੇਗਾ।