ਨਾਮ ਸਿਮਰਨ ਸਮਾਗਮ.

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ 



ਲੁਧਿਆਣਾ,9 ਅਗਸਤ (ਪ੍ਰਿਤਪਾਲ ਸਿੰਘ ਪਾਲੀ)- ਸਿੱਖ ਸਮਾਜ ਦੀ ਨਾਮਵਰ ਸ਼ਖਸ਼ੀਅਤ ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ।  ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਸਮਝਾਇਆ ਕਿ ਅਸਲ ਰੂਹਾਨੀ ਖੁਸ਼ੀ ਆਪਣੇ ਲਈ ਰਾਖਵੀਂ ਕਰਨ ਵਾਸਤੇ, ਇਸ ਨੂੰ ਪੂਰੀ ਤਰ੍ਹਾਂ ਯਕੀਨੀ ਤੇ ਭਰੋਸੇਯੋਗ ਬਣਾਉਣ ਵਾਸਤੇ ਅਜੋਕੇ ਬਾਹਰੀ ਤੌਰ ਤੇ ਧਾਰਮਿਕ ਮਨੁੱਖ ਨੂੰ ਆਪਣੀ ਸੁਆਰਥੀ ਸੋਚ ਨੂੰ ਬਦਲਣਾ ਪਵੇਗਾ। ਰੂਹਾਨੀਅਤ ਦੇ ਦਾਇਰੇ 'ਚ ਕੋਈ ਵੀ ਮਨੁੱਖ ਨਿਜੀ ਸੁਆਰਥ ਨੂੰ ਤਿਆਗਣ ਜਾਂ ਸੰਭਵ ਹੱਦ ਤੱਕ ਘੱਟ ਕਰਨ ਤੋਂ ਬਿਨਾਂ ਨਹੀਂ ਪ੍ਰਵੇਸ਼ ਹੋ ਸਕਦਾ। ਕੁਝ ਪਾਉਣ ਲਈ ਕੁਝ ਛੱਡਣਾ ਵੀ ਪੈਂਦਾ ਹੈ। ਕਿਸੇ ਚੰਗੀ ਵਸਤੂ ਦੀ ਸੰਭਾਲ ਲਈ ਪਹਿਲਾਂ ਸਾਫ-ਸੁਥਰੇ ਬਰਤਨ ਲੋੜ ਪੈਂਦੀ ਹੈ। ਦੂਜੇ ਪਾਸੇ ਅੱਜ ਦਾ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਾ ਮਨੁੱਖ ਇਹ ਲੋਚਾ ਕਰਦਾ ਹੈ ਕਿ ਉਸ ਨੂੰ ਆਪਣੇ ਮਨ ਦਾ ਬਰਤਨ ਸਾਫ ਹੀ ਨਾ ਹੀ ਕਰਨਾ ਪਵੇ। ਇਹ ਤਰੱਦਦ ਇਹ ਖੇਚਲ ਕਰਨ ਲਈ ਤਾ ਤਿਆਰ ਨਹੀਂ, ਪਰ ਅਧਿਆਤਮਿਕ ਵਸਤੂ ਨੂੰ ਲੈਣ ਲਈ, ਰੂਹਾਨੀ ਵੱਥ ਉਪਰ ਕਬਜ਼ੇ ਲਈ, ਲੋਭ ਜਰੂਰ ਰੱਖਦਾ ਹੈ। ਸਾਨੂੰ ਇਹ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਵਿਕਾਰੀ ਭਾਵਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜਕੜ ਅਤੇ ਰੂਹਾਨੀਅਤ- ਇਹ ਇੱਕ ਦੋ ਚੀਜ਼ਾਂ ਨਾਲ-ਨਾਲ ਨਹੀਂ ਚੱਲ ਸਕਦੀਆਂ, ਜਿਵੇਂ ਇਕੋ ਵੇਲੇ ਕੋਈ ਵੀ ਮਨੁੱਖ ਦੋ ਵੱਖੋ ਵੱਖਰੀਆਂ ਦਿਸ਼ਾਵਾਂ ਵੱਲ ਨਹੀਂ ਜਾ ਸਕਦਾ। ਇਕ ਦਿਸ਼ਾ ਵੱਲ ਜਾਣ ਲਈ ਦੂਜੀ ਦਿਸ਼ਾ ਦਾ ਖਿਆਲ ਛੱਡਣਾ ਪੈਂਦਾ ਹੈ। ਹਾਂ ਇਹ ਵੀ ਠੀਕ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਪੂਰੀ ਤਰ੍ਹਾਂ ਰਹਿਤ ਤਾਂ ਕੋਈ ਵੀ ਪੰਜ ਭੂਤਕ ਇਨਸਾਨ ਨਹੀਂ ਹੋ ਸਕਦਾ ਪਰ ਇਹਨਾਂ ਉੱਪਰ "ਗੁਰਬਾਣੀ ਸ਼ਬਦ" ਨਾਮ ਸਿਮਰਨ ਦੀ ਰੋਸ਼ਨੀ ਦੇ ਮੱਦੇ-ਨਜ਼ਰ ਸੰਭਵ ਹੱਦ ਤੱਕ ਕਾਬੂ ਪਾਉਣਾ, ਮਨੁੱਖ ਮਾਤਰ ਦੇ ਵਸੋਂ ਬਾਹਰ ਗੱਲ ਦੀ ਛੱਡਣਾ ਨਹੀਂ। ਅੱਜ ਭ੍ਰਿਸ਼ਟਚਾਰ, ਦੁਰਾਚਾਰ, ਜਬਰ-ਜਿਨਾਹ, ਮੁਕੱਦਮੇ, ਸ਼ਰਾਬਨੋਸ਼ੀ ਤੇ ਹਰ ਪ੍ਰਕਾਰ ਦੀ ਨਸ਼ੇਖੋਰੀ ਆਦਿ ਜਿੰਨੀਆਂ ਵੀ ਬੁਰਾਈਆਂ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ, ਇਹ ਅਸਲ 'ਚ ਪੰਜ ਵਿਕਾਰਾਂ 'ਚ ਹੱਦੋਂ ਵੱਧ ਉਲਝ ਜਾਣ ਦੇ ਕਾਰਨ ਹੀ ਹੈ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।