ਇਨਸਾਫ਼ ਦੀ ਮੰਗ.

ਧਾਲੀਵਾਲ ਸਕੂਲ ਦੇ ਮਾਲਕ ਦੇ ਕਤਲ ਨੂੰ 42 ਦਿਨ ਬਾਅਦ ਵੀ ਕਾਤਿਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ


ਬਜ਼ੁਰਗ ਮਾਪੇ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ, 
ਸਾਬਕਾ ਪੁਲਿਸ ਅਧਿਕਾਰੀ ਪਿਤਾ ਬੋਲੇ ਮੈਨੂੰ ਨਹੀਂ ਮਿਲ ਰਿਹਾ ਇਨਸਾਫ ਆਮ ਆਦਮੀ ਦਾ ਕੀ ਹੋਵੇਗਾ ਹਾਲ 


ਲੁਧਿਆਣ, 9 ਅਗਸਤ:(ਰ.) ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਥਾਣਾ ਜਮਾਲਪੁਰ ਦੇ ਇਲਾਕੇ ਵਿੱਚ ਧਾਲੀਵਾਲ ਸੀਨੀਅਰ ਸੈਕੰਡਰੀ ਸਕੂਲ ਦੇ ਮਾਲਕ ਇਕਬਾਲ ਸਿੰਘ ਧਾਲੀਵਾਲ ਦੇ ਕਤਲ ਨੂੰ ਕਰੀਬ 42 ਦਿਨ ਬੀਤ ਜਾਣ ਦੇ ਬਾਵਜੂਦ ਪਰਿਵਾਰ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਪਰ ਕਾਤਲ ਪੁਲਿਸ ਦੀ ਗ੍ਰਫਤ ਤੋਂ ਬਾਹਰ ਹਨ । ਮ੍ਰਿਤਕ ਦੇ ਪਿਤਾ ਸਾਬਕਾ ਪੁਲਿਸ ਅਧਿਕਾਰੀ ਸ਼ਿਵ ਚਰਨ ਸਿੰਘ ਨੇ ਕਿਹਾ ਕਿ ਉਹਨਾਂ ਦਾ ਬੇਟਾ ਆਪਣੇ ਪਰਿਵਾਰ ਸਮੇਤ ਜਿੰਦਿਆਲੀ ਤੋਂ ਬੁੱਢੇਵਾਲ ਰੋਡ ਤੇ ਧਾਲੀਵਾਲ ਸਕੂਲ ਦੇ ਉੱਪਰ ਹੀ ਪਰਿਵਾਰ ਸਮੇਤ ਰਹਿੰਦਾ ਸੀ 
29 ਜੂਨ ਨੂੰ  ਇਕਬਾਲ ਸਿੰਘ ਧਾਲੀਵਾਲ ਦਾ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਮੁਤਾਬਕ ਘਟਨਾ ਸਮੇਂ ਘਰ ਵਿੱਚ ਮ੍ਰਿਤਕ ਇਕਬਾਲ ਸਿੰਘ ਅਤੇ ਉਸ ਦਾ 14 ਸਾਲਾ ਪੁੱਤਰ ਮੌਜੂਦ ਸਨ, ਜਦਕਿ ਉਸ ਦੀ ਪਤਨੀ ਆਪਣੇ ਐਲਐਲਬੀ ਦੇ ਪੇਪਰਾਂ ਸਬੰਧੀ ਬਾਹਰ ਗਈ ਹੋਈ ਸੀ। ਜਦੋਂ ਕਿ ਉਹ ਖੁਦ ਆਪਣੀ ਪਤਨੀ ਦੇ ਨਾਲ ਆਪਣੇ ਗੋਡਿਆਂ ਦਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਵਿੱਚ ਦਾਖਲ ਸੀ। ਉਹਨਾਂ ਕਿਹਾ ਕਿ
‘ਮੇਰਾ ਨੌਜਵਾਨ ਪੁੱਤਰ ਚਲਾ ਗਿਆ! 
ਮ੍ਰਿਤਕ ਇਕਬਾਲ ਸਿੰਘ ਧਾਲੀਵਾਲ ਦੇ ਪਿਤਾ ਸ਼ਿਵਚਰਨ ਸਿੰਘ ਨਹੀਂ ਕਿਹਾ ਕਿ  ਖੁਦ ਸਾਬਕਾ ਪੁਲਿਸ ਅਧਿਕਾਰੀ ਰਹਿ ਚੁੱਕੇ ਹਨ, ਉਨ੍ਹਾਂ ਦੇ ਨੌਜਵਾਨ ਪੁੱਤਰ ਨੂੰ ਗੁਜ਼ਰੇ ਲਗਭਗ 42 ਦਿਨ ਹੋ ਗਏ ਹਨ ਪਰ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਬੀਐਸਐਫ ਵਿੱਚ ਦੇਸ਼ ਦੀ ਸੇਵਾ ਕਰ ਚੁੱਕੇ ਹਨ ਅਤੇ ਇਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੀ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦਾ ਵੱਡਾ ਹਿੱਸਾ ਕਾਨੂੰਨ ਅਤੇ ਵਿਵਸਥਾ ਨਾਲ ਜੁੜ ਕੇ ਕੰਮ ਕਰਨ ਦੇ ਬਾਵਜੂਦ ਅੱਜ ਜਦੋਂ ਉਹ ਖੁਦ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਲਈ ਭਟਕ ਰਹੇ ਹਨ ਤਾਂ ਇਹ ਸਥਿਤੀ ਉਨ੍ਹਾਂ ਲਈ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਹੈ।
‘ਜਦੋਂ ਸਾਬਕਾ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਇਨਸਾਫ਼ ਲਈ ਭਟਕਣਾ ਪਵੇ ਤਾਂ ਆਮ ਲੋਕਾਂ ਦਾ ਕੀ ਬਣੇਗਾ?’
ਸ਼ਿਵਚਰਨ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਲਈ ਸੇਵਾ ਕੀਤੀ ਹੈ। ਪਰ ਅੱਜ ਆਪਣੇ ਹੀ ਪੁੱਤਰ ਦੇ ਕਤਲ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਇਨਸਾਫ਼ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇੱਕ ਅਜਿਹਾ ਪਰਿਵਾਰ, ਜਿਸ ਦਾ ਮੁਖੀ ਖੁਦ ਬੀਐਸਐਫ ਅਤੇ ਪੁਲਿਸ ਵਿਭਾਗ ਵਿੱਚ ਸੇਵਾ ਨਿਭਾ ਚੁੱਕਾ ਹੋਵੇ, ਉਸ ਨੂੰ ਵੀ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਲਈ ਦਰ-ਦਰ ਜਾਣਾ ਪਵੇ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ?
ਬਜ਼ੁਰਗ ਮਾਪਿਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਲਾਈ ਇਨਸਾਫ਼ ਦੀ ਗੁਹਾਰ
ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਕਬਾਲ ਸਿੰਘ ਧਾਲੀਵਾਲ ਦੇ ਕਤਲ ਮਾਮਲੇ ਦੀ ਜਾਂਚ ਨੂੰ ਤੇਜ਼ ਕੀਤਾ ਜਾਵੇ ਅਤੇ ਜੇਕਰ ਜਾਂਚ ਵਿੱਚ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ ਅਤੇ ਇਸ ਦੁੱਖ ਦੀ ਕੋਈ ਭਰਪਾਈ ਨਹੀਂ ਹੋ ਸਕਦੀ, ਪਰ ਘੱਟੋ-ਘੱਟ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ, ਤਾਂ ਜੋ ਪਰਿਵਾਰ ਨੂੰ ਇਹ ਭਰੋਸਾ ਮਿਲ ਸਕੇ ਕਿ ਕਾਨੂੰਨ ਸਭ ਲਈ ਬਰਾਬਰ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ 42 ਦਿਨ ਬੀਤਣ ਤੋਂ ਬਾਅਦ ਪੁਲਿਸ ਇਸ ਕਤਲ ਦੀ ਗੁੱਥੀ ਕਦੋਂ ਸੁਲਝਾਉਂਦੀ ਹੈ ਅਤੇ ਮ੍ਰਿਤਕ ਦੇ ਬਜ਼ੁਰਗ ਮਾਪਿਆਂ ਨੂੰ ਇਨਸਾਫ਼ ਕਦੋਂ ਮਿਲਦਾ ਹੈ। ਇਸ ਸਬੰਧੀ ਜਦੋਂ ਪੁਲਿਸ ਥਾਣਾ ਜਮਾਲਪੁਰ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਈ ਥਾਵਾਂ ਤੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਲਈ ਹੈ ਜਲਦੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।