ਲਾਪਰਵਾਹੀ.
*ਪੰਜਾਬ ’ਚ ਉਦਯੋਗਿਕ ਪ੍ਰਦੂਸ਼ਣ ਤੇ ਉੱਠੇ ਸਵਾਲ*
**ਖੰਨਾ ਦੇ ਨੇੜੇ ਪਿੰਡ ਨਰੈਣਗੜ੍ਹ ਨੇੜੇ ਟਾਇਰ ਰੀਸਾਈਕਲਿੰਗ ਫੈਕਟਰੀ ਖ਼ਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ, ਪ੍ਰਦੂਸ਼ਣ ਬੋਰਡ ’ਤੇ ਲਾਪਰਵਾਹੀ ਵਰਤਣ ਦੇ ਲਗਾਏ ਦੋਸ਼*
*ਜਿੰਨੀ ਦੇਰ ਪ੍ਰਦੂਸ਼ਣ ਫੈਲਾਉਣ ਵਾਲੇ ਫੈਕਟਰੀ ਮੁਕੰਮਲ ਤੌਰ ਤੇ ਬੰਦ ਨਹੀਂ ਹੁੰਦੀ ਉਨੀ ਦੇਰ ਚੁੱਪ ਨਹੀਂ ਰਹਿਣਗੇ --ਸੰਤੋਖ ਸਿੰਘ ਬੈਨੀਪਾਲ*
ਖੰਨਾ, 8 ਅਗਸਤ (ਮਨਜੀਤ ਸਿੰਘ ਧੀਮਾਨ ) --ਪੰਜਾਬ ਵਿੱਚ ਉਦਯੋਗਿਕ ਇਕਾਈਆਂ ਵੱਲੋਂ ਕਥਿਤ ਤੌਰ ’ਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਹਿਤ ਭਗਤ ਪੂਰਨ ਸਿੰਘ ਮਾਰਗ ’ਤੇ ਪਿੰਡ ਨੈਰਣਗੜ੍ਹ ਨੇੜੇ ਚੱਲ ਰਹੀ ਇੱਕ ਟਾਇਰ ਰੀਸਾਈਕਲਿੰਗ ਫੈਕਟਰੀ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ। ਲੋਕਾਂ ਦਾ ਦੋਸ਼ ਹੈ ਕਿ ਫੈਕਟਰੀ ਵਿੱਚ ਰਾਤ ਸਮੇਂ ਟਾਇਰ ਸਾੜ ਕੇ ਤੇਲ ਕੱਢਿਆ ਜਾਂਦਾ ਹੈ, ਜਿਸ ਕਾਰਨ ਇਲਾਕੇ ਵਿੱਚ ਕਾਲਾ ਧੂੰਆਂ ਫੈਲਦਾ ਹੈ ਅਤੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਪਿੰਡ ਰੋਹਣੋ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੋਸ਼ ਲਗਾਇਆ ਕਿ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਰਾਤ ਦੇ ਸਮੇਂ ਟਾਇਰ ਸਾੜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਧੂੰਆਂ ਫੈਲ ਜਾਂਦਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਵੀ ਇਸ ਫੈਕਟਰੀ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਅਤੇ ਉਸ ਸਮੇਂ ਜਾਂਚ ਰਿਪੋਰਟ ਫੈਕਟਰੀ ਦੇ ਖ਼ਿਲਾਫ਼ ਆਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਲੋਕਾਂ ਮੁਤਾਬਕ ਇਸ ਤੋਂ ਬਾਅਦ ਵੀ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋਈ।
*ਜਨਤਕ ਸੁਣਵਾਈ ਨੂੰ ਲੈ ਕੇ ਵੀ ਸਵਾਲ*
ਇਸ ਮੌਕੇ ਇਲਾਕਾ ਵਾਸੀਆਂ ਨੇ ਈ. ਆਈ. ਏ ਨੋਟੀਫਿਕੇਸ਼ਨ, 2006 ਦੇ ਤਹਿਤ ਲੋੜੀਂਦੀਆਂ ਵਾਤਾਵਰਨੀ ਮਨਜ਼ੂਰੀਆਂ ਅਤੇ ਜਨਤਕ ਸੁਣਵਾਈ ਦੀ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਪ੍ਰੋਜੈਕਟ ਲਈ ਜਨਤਕ ਸੁਣਵਾਈ ਲਾਜ਼ਮੀ ਸੀ ਤਾਂ ਇਹ ਪ੍ਰਕਿਰਿਆ ਕਦੋਂ ਅਤੇ ਕਿੱਥੇ ਹੋਈ, ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਫੈਕਟਰੀ ਨਾਲ ਸਬੰਧਤ ਸਾਰੀਆਂ ਮਨਜ਼ੂਰੀਆਂ, ਸਹਿਮਤੀਆਂ ਅਤੇ ਜਾਂਚ ਰਿਪੋਰਟਾਂ ਜਨਤਕ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਟਾਇਰ ਸਾੜਨ ਨਾਲ ਨਿਕਲਣ ਵਾਲੇ ਧੂੰਏਂ ’ਤੇ ਚਿੰਤਾ ਵਾਤਾਵਰਣ ਸਬੰਧੀ ਮਾਹਿਰਾਂ ਮੁਤਾਬਕ ਟਾਇਰਾਂ ਨੂੰ ਗੈਰ-ਨਿਯਮਤ ਢੰਗ ਨਾਲ ਸਾੜਨ ਨਾਲ ਵੱਖ-ਵੱਖ ਹਾਨੀਕਾਰਕ ਪ੍ਰਦੂਸ਼ਕ ਅਤੇ ਕਣ ਵਾਤਾਵਰਣ ਵਿੱਚ ਜਾ ਸਕਦੇ ਹਨ। ਇਨ੍ਹਾਂ ਵਿੱਚ ਸਲਫਰ ਡਾਈਆਕਸਾਈਡ , ਕਾਰਬਨ ਮੋਨੋਆਕਸਾਈਡ ਪੌਲੀਸਾਈਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ ਅਤੇ ਭਾਰੀ ਧਾਤਾਂ ਸ਼ਾਮਲ ਹੋ ਸਕਦੀਆਂ ਹਨ। ਮਾਹਿਰਾਂ ਅਨੁਸਾਰ ਲੰਬੇ ਸਮੇਂ ਤੱਕ ਅਜਿਹੇ ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣਾ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਲਾਕਾ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਫੈਕਟਰੀ ਵਿੱਚੋਂ ਨਿਕਲਣ ਵਾਲੇ ਕਥਿਤ ਗੰਦੇ ਪਾਣੀ ਕਾਰਨ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਲਈ ਅਧਿਕਾਰਤ ਜਾਂਚ ਰਿਪੋਰਟ ਅਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਜ਼ਰੂਰੀ ਹੈ। ਸੂਚਨਾ ਐਕਟ ਰਾਹੀਂ 48 ਘੰਟਿਆਂ ਵਿੱਚ ਜਾਣਕਾਰੀ ਮੰਗੀ ਮਾਮਲੇ ਨੂੰ ਲੈ ਕੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਸੂਚਨਾ ਦਾ ਅਧਿਕਾਰ ਐਕਟ ਦੀ ਧਾਰਾ 7(1) ਤਹਿਤ 48 ਘੰਟਿਆਂ ਵਿੱਚ ਜਾਣਕਾਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਲੋਕਾਂ ਦੇ ਜੀਵਨ ਅਤੇ ਆਜ਼ਾਦੀ ਨਾਲ ਸਬੰਧਤ ਹੋਣ ਕਾਰਨ ਤੁਰੰਤ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਲਾਕਾ ਵਾਸੀਆਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗ ਕੀਤੀ ਹੈ ਕਿ ਫੈਕਟਰੀ ਦੀ ਮੁੜ ਵਿਸਥਾਰਪੂਰਵਕ ਜਾਂਚ ਕਰਵਾਈ ਜਾਵੇ, ਹਵਾ ਅਤੇ ਪਾਣੀ ਦੇ ਨਮੂਨੇ ਲਏ ਜਾਣ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਸਮਾਜ ਸੇਵੀ ਸੰਤੋਖ ਸਿੰਘ ਬੈਨੀਪਾਲੇ ਪ੍ਰਦੂਸ਼ਣ ਕੰਟਰੋਲ ਅਧਿਕਾਰੀਆਂ ਨੂੰ ਆਪਣੇ ਸਖਤ ਲਹਿਜੇ ਵਿੱਚ ਕਿਹਾ ਕਿ ਜਿੰਨੀ ਦੇਰ ਇਹ ਨਜਾਇਜ਼ ਚੱਲ ਰਹੀ ਪ੍ਰਦੂਸ਼ਣ ਫੈਲਾਉਣ ਵਾਲੇ ਬੈਟਰੀ ਮੁਕੰਮਲ ਤੌਰ ਤੇ ਬੰਦ ਨਹੀਂ ਹੋ ਜਾਂਦੀ ਉਹ ਉਨੀ ਦੇਰ ਤੱਕ ਸ਼ਾਂਤ ਨਹੀਂ ਬੈਠਣਗੇ l
*ਕੀ ਕਹਿਣਾ ਪ੍ਰਦੂਸ਼ਣ ਬੋਰਡ ਅਧਿਕਾਰੀ ਐਕਸੀਅਨ ਮੋਹਿਤ ਸਿੰਗਲਾ ਦਾ*
ਇਸ ਸਬੰਧੀ ਜਦੋਂ ਪ੍ਰਦੂਸ਼ਣ ਬੋਰਡ ਦੇ ਖੇਤਰੀ ਅਧਿਕਾਰੀ ਐਕਸੀਅਨ ਮੋਹਿਤ ਸਿੰਗਲਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਮੁਤਾਬਕ ਵਿਭਾਗੀ ਟੀਮ ਵੱਲੋਂ ਜਦੋਂ ਫੈਕਟਰੀ ਦੀ ਜਾਂਚ ਲਈ ਗਏ ਤਾਂ ਉਸ ਸਮੇਂ ਫੈਕਟਰੀ ਬੰਦ ਮਿਲੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੈਕਟਰੀ ਮਾਲਕ ਨੂੰ ਹਦਾਇਤ ਕੀਤੀ ਗਈ ਹੈ ਕਿ ਜਦੋਂ ਵੀ ਫੈਕਟਰੀ ਚਾਲੂ ਕੀਤੀ ਜਾਵੇ ਤਾਂ ਇਸ ਬਾਰੇ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਵਿਭਾਗੀ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਫੈਕਟਰੀ ਦਾ ਮੁਆਇਨਾ ਕਰ ਸਕਣ।
*(ਮਾਮਲੇ ਵਿੱਚ ਹੁਣ ਸਭ ਦੀਆਂ ਨਜ਼ਰਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹਨ। )*
ਲੋਕਾਂ ਦੀ ਮੰਗ ਹੈ ਕਿ ਫੈਕਟਰੀ ਦੀਆਂ ਮਨਜ਼ੂਰੀਆਂ, ਪ੍ਰਦੂਸ਼ਣ ਨਿਯੰਤਰਣ ਪ੍ਰਬੰਧਾਂ, ਪਿਛਲੀਆਂ ਜਾਂਚ ਰਿਪੋਰਟਾਂ ਅਤੇ ਕਥਿਤ ਜਨਤਕ ਸੁਣਵਾਈ ਸਬੰਧੀ ਰਿਕਾਰਡ ਦੀ ਨਿਰਪੱਖ ਜਾਂਚ ਕਰਕੇ ਤੱਥ ਲੋਕਾਂ ਸਾਹਮਣੇ ਰੱਖੇ ਜਾਣ। ਇਸ ਮੌਕੇ ਮਨਪ੍ਰੀਤ ਸਿੰਘ, ਹਰਦੀਪ ਸਿੰਘ ਟੋਨੀ, ਡਾ. ਰਾਮ ਚੰਦ ਸਿੰਘ, ਰਣਧੀਰ ਸਿੰਘ, ਹਰਪ੍ਰੀਤ ਸਿੰਘ, ਲੱਖੀ ਨੈਰਣਗੜ੍ਹ ਅਤੇ ਸਤਨਾਮ ਸਿੰਘ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।
