ਤੀਆਂ.
*ਗਰੈਜੂਏਟ ਇੰਸਟੀਚਿਊਟ ਖੰਨਾ ਵੱਲੋਂ ਗੋਲਡਨ ਗਰੇਨ ਕਲੱਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ*
*ਕਸ਼ਿਸ ਨੂੰ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ, ਸ਼ਿਖਾ ਕੈਂਥ ਨੂੰ ਦੂਜਾ ਤੇ ਖੁਸ਼ਬੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ*
ਖੰਨਾ 26 ਜੁਲਾਈ (ਮਨਜੀਤ ਸਿੰਘ ਧੀਮਾਨ)-- ਗਰੈਜੂਏਟ ਇੰਸਟੀਚਿਊਟ ਖੰਨਾ ਵੱਲੋਂ ਗੋਲਡਨ ਗਰੇਨ ਕਲੱਬ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਦੇ ਮੁਕਾਬਲਿਆਂ ’ਚ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ’ਚ ਜੱਜ ਦੀ ਭੂਮਿਕਾ ਮੋਨਿਕਾ ਔਲਖ ਨੇ ਨਿਭਾਈ। ਕੁਲਜੀਤ ਕੌਰ, ਅਮਨਦੀਪ ਕੌਰ ਕੌੜੀ, ਮਨਮੀਤ ਤੇ ਨਵਪ੍ਰੀਤ ਨੇ ਡਾਂਸ ਕਰਕੇ ਆਪਣੀ ਭ੍ਰਤਿਭਾ ਦਿਖਾਈ। ਵੰਦਨਾ ਵਰਮਾ ਨੇ ਐਂਕਰਿੰਗ ਕੀਤੀ। ਸਤਵਿੰਦਰ ਤੇ ਗੋਲਡੀ ਭੱਲਾ ਨੇ ਗੀਤਾਂ ਨਾਲ ਹਾਜਰੀ ਲਗਵਾਈ। ਸਮਾਗਮ ਦੇ ਅੰਤ ’ਚ ਸਮੂਹ ਵਿਦਿਆਰਥੀਆਂ ਵੱਲੋਂ ਗਿੱਧਾ ਪਾ ਕੇ ਰੌਣਕਾਂ ਲਗਾਈਆਂ ਗਈਆਂ। ਗਿੱੱਧੇ ’ਚ ਵਧੀਆਂ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥੀਆਂ ’ਚੋਂ ਮਿਸ ਤੀਜ ਦੀ ਚੋਣ ਕੀਤੀ ਗਈ। ਜਿਸ ’ਚ ਕਸ਼ਿਸ ਨੂੰ ਮਿਸ ਤੀਜ ਦਾ ਖਿਤਾਬ ਦਿੱਤਾ ਗਿਆ, ਸ਼ਿਖਾ ਕੈਂਥ ਨੂੰ ਦੂਜਾ ਤੇ ਖੁਸ਼ਬੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਆਖਿਰ ’ਚ ਗਰੈਜੂਏਟ ਇੰਸਟੀਚਿਊਟ ਦੇ ਪ੍ਰਧਾਨ ਰਸ਼ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਐਵਾਰਡ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਪ੍ਰਧਾਨ ਰਸ਼ਪਾਲ ਸਿੰਘ ਔਲਖ ਨੇ ਕਿਹਾ ਕਿ ਸਾਨੂੰ ਹਰ ਇੱਕ ਨੂੰ ਆਪਣੇ ਸਮਾਜ ਵਿੱਚ ਲੜਕੀਆਂ ਨਾਲ ਰਲ ਕੇ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ l ਉਹਨਾਂ ਸਮਾਜ ਨੂੰ ਸੇਜ ਦਿੱਤੀ ਕਿ ਲੜਕੀਆਂ ਕਿਸੇ ਮੁਕਾਮ ਨਾਲੋ ਘੱਟ ਨਹੀਂ ਹਨ l ਹਰ ਕੰਮ ਵਿੱਚ ਲੜਕੀਆਂ ਇਸ ਯੁੱਗ ਵਿੱਚ ਅੱਗੇ ਚੱਲ ਰਹੀਆਂ ਹਨ,ਅਤੇ ਉੱਚੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ l ਉਹਨਾਂ ਕਿਹਾ ਕਿ ਸਾਨੂੰ ਲੜਕੀਆਂ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ l ਉਨ੍ਹਾਂ ਕਿਹਾ ਕਿ ਪੰਜਾਬ ਦਾ ਇੱਕ ਵਿਸ਼ੇਸ਼ ਤਿਉਹਾਰ ਜੋ ਕਿ ਔਰਤਾਂ, ਖਾਸ ਤੌਰ ਤੇ ਨਵ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਦਾ ਨੱਚਣ-ਟੱਪਣ ਦਾ l
ਇਸਤਰੀਆਂ ਦੇ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੋਣ ਵਾਲੇ ਇਕ ਮੁੱਖ ਤਿਉਹਾਰ ਨੂੰ ਤੀਆਂ ਕਹਿੰਦੇ ਹਨ। ਇਹ ਤਿਉਹਾਰ ਪੰਦਰਾਂ ਦਿਨ ਚੱਲਦਾ ਹੈ | ਪੂਰਨਮਾਸ਼ੀ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਪੂਰਨਮਾਸ਼ੀ ਦੀ ਸ਼ਾਮ ਨੂੰ ਤੀਆਂ ਖ਼ਤਮ ਹੁੰਦੀਆਂ ਹਨ। ਤੀਆਂ ਸਮਾਪਤ ਹੋਣ ਦੀ ਰਸਮ ਨੂੰ ਤੀਆਂ ਦਾ ਭੋਗ ਪਾਉਣਾ ਕਿਹਾ ਜਾਂਦਾ ਹੈ। ਤੀਆਂ ਤੋਂ ਇਕ ਦਿਨ ਪਹਿਲਾਂ ਦੂਜ ਨੂੰ ਇਸਤਰੀਆਂ, ਮੁਟਿਆਰਾਂ, ਕੁੜੀਆਂ, ਬੱਚੇ ਸਾਰੇ ਮਹਿੰਦੀ ਲਾਉਂਦੇ ਸਨ। ਮੁਟਿਆਰਾਂ ਵੰਗਾਂ ਚੜ੍ਹਾਉਂਦੀਆਂ ਸਨ। ਜਿਹੜੀਆਂ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੇ ਸਹੁਰੀਂ ਗਈਆਂ ਹੁੰਦੀਆਂ ਸਨ, ਤੀਆਂ ਵੇਲੇ ਉਨ੍ਹਾਂ ਦੇ ਵੀਰ ਉਨ੍ਹਾਂ ਨੂੰ ਲੈ ਕੇ ਆਉਂਦੇ ਹੁੰਦੇ ਸਨ। ਇਕ ਧਾਰਨਾ ਇਹ ਵੀ ਸੀ ਕਿ ਨਵੀਆਂ ਵਿਆਹੀਆਂ ਨੂੰਹਾਂ ਤੇ ਸੱਸਾਂ ਦਾ ਸਾਉਣ ਮਹੀਨੇ ਵਿਚ ਇਕੱਠਾ ਰਹਿਣਾ ਕਰੋਪੀ ਮੰਨਿਆ ਜਾਂਦਾ ਸੀ। ਮਾੜਾ ਮੰਨਿਆ ਜਾਂਦਾ ਸੀ। ਇਸ ਲਈ ਨਵੀਆਂ ਵਿਆਹੀਆਂ ਮੁਟਿਆਰਾਂ ਪਹਿਲਾਂ ਸਾਉਣ ਮਹੀਨਾ ਆਪਣੇ ਪੇਕੇ ਘਰ ਕੱਟਦੀਆਂ ਹੁੰਦੀਆਂ ਸਨ। ਤੀਆਂ ਅਸਲ ਵਿਚ ਕੁੜੀਆਂ ਦਾ ਮੇਲ-ਮਿਲਾਪ ਦਾ ਤਿਉਹਾਰ ਹੁੰਦਾ ਸੀ। ਤੀਆਂ ਵਿਚ ਖੀਰ, ਕੜਾਹ, ਪੂੜੇ, ਗੁਲਗੁਲੇ ਆਦਿ ਪਕਾਏ ਜਾਂਦੇ ਸਨ। ਤੀਆਂ ਵਿਚ ਪਿੱਪਲ, ਬਰੋਟੇ, ਨਿੰਮਾਂ ਆਦਿ ਦੇ ਰੁੱਖਾਂ ਤੇ ਪੀਂਘਾਂ ਪਾ ਕੇ ਝੂਟਿਆ ਜਾਂਦਾ ਸੀ। ਮੁਟਿਆਰਾਂ ਗਿੱਧਾ ਪਾਉਂਦੀਆਂ ਸਨ, ਨੱਚਦੀਆਂ ਸਨ ਅਤੇ ਬੋਲੀਆਂ ਪਾਉਂਦੀਆਂ ਸਨ। ਹੁਣ ਮੁਟਿਆਰਾਂ ਦਾ ਇਹ ਰੰਗਲਾ ਤਿਉਹਾਰ ਕੋਈ ਨਹੀਂ ਮਨਾਉਂਦਾ। ਖ਼ਤਮ ਹੋ ਗਿਆ ਹੈ। ਤੀਆਂ ਹੁਣ ਸਾਡੇ ਅਤੀਤ ਦਾ ਹਿੱਸਾ ਬਣ ਗਈਆਂ ਹਨ।ਹੁਣ ਕੁੜੀਆਂ, ਇਸਤਰੀਆਂ ਕਾਲਜਾਂ, ਕੱਲਬਾਂ ਵਿਚ ਕੱਠੀਆਂ ਹੋ ਕੇ ਪੀਂਘਾਂ ਝੂਟ ਕੇ, ਗਿੱਧਾ ਤੇ ਬੋਲੀਆਂ ਪਾ ਕੇ ਇਕ ਸ਼ਾਮ ਦਾ ਤੀਆਂ ਮਨਾਉਂਦੀਆਂ ਹਨ l
*ਤੀਆਂ ਦਾ ਤਿਓਹਾਰ ਕਿਉਂ ਮਨਾਇਆ ਜਾਂਦਾ ਹੈ*
ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ਪਰ ਅਮੀਰ ਪੰਜਾਬੀ ਸੱÎਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਲੋਪ ਕਰ ਦਿੱਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ।
ਪਿੰਡਾਂ ਦੀਆਂ ਬਜ਼ੁਰਗ ਔਰਤਾਂ ਦਾ ਦੱਸਣਾ ਹੈ ਕਿ ਪਹਿਲੇ ਸਮੇਂ ਵਿੱਚ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ ਹੈ। ਪਿੰਡਾਂ ਦੇ ਪਿੜਾਂ ਵਿੱਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦਾ ਕੁਝ ਘੰਟੇ ਦੀਆਂ ਮਹਿਮਾਨ ਬਣ ਕੇ ਰਹਿ ਗਈਆਂ ਹਨ। ਭਾਵੇਂ ਪੰਜਾਬੀ ਸੱਭਿਆਚਾਰ ਦੇ ਹਮਦਰਦ ਇਸ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਵਿਸ਼ੇਸ਼ ਉੱਪਰਾਲੇ ਕਰਦੇ ਹੋਏ ਪੰਜਾਬ ਦੀਆਂ ਇੱਕਾ-ਦੁੱਕਾ ਥਾਵਾਂ ‘ਤੇ ਤੀਆਂ ਲਵਾ ਰਹੇ ਹਨ ਪਰ ਟੀ ਵੀ ਚੈਨਲਾਂ ਦੇ ਪ੍ਰਭਾਵ ਕਾਰਨ ਜਿਹੜੀਆਂ ਕੁੜੀਆਂ ਇਨ੍ਹਾਂ ਤੀਆਂ ਦੇ ਵਿਹੜਿਆਂ ਵਿੱਚ ਆਉਂਦੀਆਂ ਵੀ ਹਨ, ਉਨ੍ਹਾਂ ਦੇ ਕੱਪੜੇ ਅਤੇ ਰਹਿਣ-ਸਹਿਣ ਦਾ ਢੰਗ ਪੱਛਮੀ ਸੱਭਿਆਚਾਰ ਵਾਲੇ ਹੋਣ ਕਰ ਕੇ ਤੀਆਂ ਵਿੱਚ ਪਹਿਲਾਂ ਵਾਲੀ ਧਮਾਲ ਨਹੀਂ ਪੈਂਦੀ। ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਅੱਤਵਾਦ ਦੀ ਭੱਠੀ ਵਿੱਚ ਝੁਲਸ ਰਿਹਾ ਸੀ, ਉਸ ਸਮੇਂ ਵੀ ਪੰਜਾਬ ਵਿੱਚ ਤੀਆਂ ਦੀ ਧਮਾਲ ਪੈਂਦੀ ਸੀ ਪਰ ਪੰਜਾਬ ਵਿੱਚ ਚੱਲੀ ਪੱਛਮੀ ਸੱਭਿਆਚਾਰ ਦੀ ਹਨੇਰੀ ਅੱਤਵਾਦ ਤੋਂ ਵੀ ਘਾਤਕ ਸਾਬਤ ਹੋ ਰਹੀ ਹੈ। ਵਰਤਮਾਨ ਸਮੇਂ ਇਹ ਤੀਆਂ ਨਿੱਜੀ ਸਮਾਜ ਸੇਵੀ ਸੰਸਥਾਵਾਂ ਜਾਂ ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਲਗਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਤੀਆਂ ਦੀਆਂ ਸਟੇਜਾਂ ‘ਤੇ ਕੁੜੀਆਂ ਬਿਊਟੀ ਪਾਰਲਰਾਂ ਤੋਂ ਤਿਆਰ ਹੋ ਕੇ ਬਨਾਉਟੀ ਗਹਿਣੇ ਪਾ ਕੇ ਗਿੱਧਾ ਪਾਉਂਦੀਆਂ ਹਨ, ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ। ਆਉ! ਫਿਰ ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ ਸਥਾਪਤੀ ਕਰਨ ਲਈ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਪੁਰਾਤਨ ਧਾਂਕ ਕਾਇਮ ਰੱਖੀ ਜਾ ਸਕੇ।
ਤੀਆਂ ਸਾਉਣ ਦੇ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ ਤੇ ਪੁੰਨਿਆਂ ਨੂੰ ਖ਼ਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜਾਉਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ 'ਤੇ ਜਾਂਦੀਆਂ ਹਨ, ਪਿੱਪਲਾਂ, ਟਾਹਲੀਆਂ ਤੇ ਪੀਘਾਂ ਪਾਉਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ, ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਘੇਰੇ ਅੰਦਰ ਨੱਚਦੀਆਂ ਹਨ, ਪੁੰਨਿਆਂ ਵਾਲੇ ਦਿਨ ਵੱਅਲੋ ਪਾਈ ਜਾਂਦੀ ਹੈ, ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਜਾਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਦੀਆਂ ਹਨ।ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸੌਹਰੇ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਦੇ ਕੇ ਤੋਰਦੇ ਹਨ। ਪੰਜਾਬੀ ਸਭਿਆਚਾਰ ਬਾਹਰਲੇ ਦੇਸਾਂ ਵਿੱਚ ਵੀ ਪ੍ਰਚੱਲਤ ਹੈ। ਇੰਗਲੈਂਡ ਦੇ ਸਾਉਥਲ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈl
