ਨਾਮ ਸਿਮਰਨ ਸਮਾਗਮ .
ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ
ਗੁਰਸਿੱਖੀ ਦਾ ਮਾਰਗ ਖੰਡੇ ਦੀ ਧਾਰ ਤੇ ਚੱਲਣ ਵਾਂਗ ਹੈ, ਚੱਲ ਉਹ ਸਕਦਾ ਹੈ ਜਿਸ 'ਤੇ ਗੁਰੂ ਸਾਹਿਬ ਜੀ ਮਿਹਰਬਾਨ ਹੋਣ- ਸੰਤ ਅਮੀਰ ਸਿੰਘ
ਲੁਧਿਆਣਾ,26 ਜੁਲਾਈ ਪ੍ਰਿਤਪਾਲ ਸਿੰਘ ਪਾਲੀ)- ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿਚ ਜੁੜੀਆਂ ਸੰਗਤਾਂ ਸਨਮੁੱਖ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਸਿੱਖ ਦੀ ਨਿਤ ਦੀ ਕਾਰ ਕਿਹੋ ਜਿਹੀ ਹੋਵੇ, ਆਦਿ ਵਿਸ਼ੇ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਪਸ਼ਟ ਕੀਤਾ ਕਿ ਗੁਰਸਿੱਖ ਦਾ ਪਵਿੱਤਰ ਧਰਮ ਕਰਤੱਵ ਇਹੀ ਹੈ ਕਿ ਜਿਵੇਂ ਗੁਰੂ ਪਿਤਾ ਉਪਦੇਸ਼ ਕਰਦੇ ਹਨ ਉਸ ਉਪਰ ਚੱਲਣਾ । ਪਰ ਗੁਰੂ ਉਪਦੇਸ਼ ਉੱਪਰ ਚੱਲਣ ਦੀ ਸਮਰੱਥਾ ਉਸ ਗੁਰਸਿੱਖ ਪਾਸ ਹੀ ਹੋਵੇਗੀ ਜੋ ਗੁਰੂ ਦੀ ਬਖਸ਼ਿਸ਼ ਸਦਕਾ ਗੁਰੂ ਸ਼ਰਨ ਵਿੱਚ ਆ ਕੇ ਆਪਾ-ਭਾਵ ਮਿਟਾ ਚੁੱਕਿਆ ਹੋਵੇਗਾ। ਉਸ ਵਿਚੋਂ ਗੁਰਸਿੱਖੀ ਦੀ ਸੁਗੰਧੀ ਤੇ ਗੁਰਮਤਿ ਗਿਆਨ ਦਾ ਪ੍ਰਕਾਸ਼ ਪ੍ਰਤੱਖ ਪ੍ਰਗਟ ਹੋਵੇ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਗੁਰਸਿੱਖ ਕਿਹੋ ਜਿਹਾ ਹੋਵੇ, ਗੁਰਸਿੱਖ ਸਦਵਾਉਣ ਵਾਲੇ ਦਾ ਅਮਲੀ ਜੀਵਨ-ਜਾਂਚ, ਕਾਰ-ਵਿਵਹਾਰ, ਕਿਰਦਾਰ, ਬੋਲ-ਬਾਣੀ, ਰਹਿਣ-ਸਹਿਣ, ਖਾਣ-ਪੀਣ, ਉੱਠਣ-ਬੈਠਣ, ਜਾਗਣ-ਸੌਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਆਦਿ ਭਾਈ ਸਾਹਿਬ ਦੀਆਂ ਕਿਰਤਾਂ ਤੋਂ ਵਧੀਆ ਹੋਰ ਕਿਧਰੋਂ ਪ੍ਰਾਪਤ ਨਹੀਂ ਹੋ ਸਕਦਾ। ਬਾਬਾ ਜੀ ਨੇ ਭਾਈ ਗੁਰਦਾਸ ਜੀ ਦੇ ਜੀਵਨ ਦੇ ਹਵਾਲੇ ਨਾਲ ਸਮਝਾਇਆ ਕਿ ਉਨ੍ਹਾਂ ਦਾ ਬਚਪਨ ਗੁਰਸਿੱਖੀ ਦੇ ਕੇਂਦਰ ਗੋਇੰਦਵਾਲ ਸਾਹਿਬ ਵਿਖੇ ਗੁਰਸਿੱਖੀ ਦੇ ਉੱਚ ਅਧਿਆਤਮਕ ਵਾਯੂਮੰਡਲ ਵਿੱਚ ਪ੍ਰਵਾਨ ਚੜਨ ਨਾਲ ਗੁਰਸਿੱਖੀ ਦੀ ਸੁਗੰਧੀ ਨਾਲ ਸਰਸ਼ਾਰ ਹੋਇਆ।
ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਕਿ ਗੁਰਸਿੱਖ ਦੇ ਗੁਣ ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ, ਗੁਰ-ਸੰਗਤ ਵਿੱਚ ਬੈਠ ਗੁਰਬਾਣੀ ਪੜਨ, ਸਰਵਣ ਕਰਨ, ਨਾਮ ਅਭਿਆਸ ਕਰਨ, ਮਿੱਠ ਬੋਲੜੇ ਹੋਣ, ਥੋੜਾ ਖਾਵਣ, ਬੋਲਣਾ ਤੇ ਸੋਣ, ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ, ਸੰਗਤ ਦੇ ਭਾਂਡੇ ਮਾਂਜ-ਸਵਾਰ ਕੇ ਹੱਥਾਂ ਨੂੰ ਪਵਿੱਤਰ ਕਰਨ, ਪਾਣੀ-ਪੱਖੇ ਦੀ ਸੇਵਾ ਆਦਿ ਦਾ ਉਨ੍ਹਾਂ ਉਚੇਚਾ ਧਿਆਨ ਖਿੱਚਿਆ ਹੈ। ਸਿੱਖੀ ਮਾਰਗ ਦੀ ਬਿਖਮਤਾ ਤੇ ਅਮੋਲਕਤਾ ਦਾ ਵਰਣਨ ਕਰਦਿਆਂ ਬਾਬਾ ਜੀ ਨੇ ਸਪਸ਼ਟ ਕੀਤਾ ਕਿ ਗੁਰਸਿੱਖੀ ਦਾ ਮਾਰਗ ਖੰਡੇ ਦੀ ਧਾਰ ਤੇ ਚੱਲਣ ਵਾਂਗ ਹੈ। ਇਸ 'ਤੇ ਉਹੀ ਚੱਲ ਸਕਦਾ ਹੈ, ਜਿਸ 'ਤੇ ਗੁਰੂ ਸਾਹਿਬ ਜੀ ਮਿਹਰਬਾਨ ਹੋਣ,
ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰ ਦੇਣ, ਗੁਰਸਿੱਖੀ ਦਾ ਮਾਰਗ ਅਪਣਾ ਕੇ ਗੁਰਸਿੱਖ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਓਟ ਆਸਰਾ ਲੈਣਾ ਤਾਂ ਦੂਰ ਦੀ ਗੱਲ ਕਿਸੇ ਹੋਰ ਵੱਲ ਝਾਕਦਾ ਵੀ ਨਾ ਹੋਵੇ। ਗੁਰਸਿੱਖ ਦਾ ਪ੍ਰਮੁੱਖ ਕਰਮ ਗੁਰੂ ਦੱਸੇ ਮਾਰਗ 'ਤੇ ਚੱਲਣਾ ਹੈ। ਗੁਰਸਿੱਖ ਹੁਕਮੀ ਬੰਦਾ ਹੁੰਦਾ ਹੈ। ਗੁਰੂ-ਹੁਕਮ ਵਿੱਚ ਕਾਰ ਕਰਨੀ ਉਹ ਆਪਣਾ ਪਵਿੱਤਰ ਕਰਤੱਵ ਸਮਝਦਾ ਹੈ। ਪਰ ਅਸੀਂ ਗੁਰਸਿੱਖ ਸਦਵਾਉਣ ਵਾਲੇ ਕੀ ਕਰ ਰਹੇ ਹਾਂ ਇਸ ਬਾਰੇ ਕੁਝ ਕਹਿਣ ਦੀ ਜੁਰਤ ਨਹੀਂ ਜਰੂਰਤ ਨਹੀਂ ਕਿਉਂਕਿ ਹਰੇਕ ਆਪਣੇ ਬਾਰੇ ਭਲੀ ਪ੍ਰਕਾਰ ਜਾਣੂ ਹੈ ਜੇ ਅਸੀਂ ਆਪਣੇ ਜੀਵਨ ਨੂੰ ਭਾਈ ਸਾਹਿਬ ਜੀ ਵੱਲੋਂ ਦੱਸੇ ਮਾਰਗ ਦੇ ਚੱਲ ਕੇ ਉਚੇਰਾ ਲੈ ਜਾਵਾਂਗੇ ਤਦ ਹੀ ਗੁਰਸਿੱਖ ਸਦਵਾਉਣ ਵਾਲਿਆਂ ਚੋਂ ਗੁਰਸਿੱਖੀ ਦੀ ਸੁਗੰਧੀ ਆਵੇਗੀ। ਗੁਰਸਿੱਖੀ ਦੀ ਸੁਗੰਧੀ-ਖੁਸ਼ਬੂ ਪ੍ਰਾਪਤ ਕਰ ਹੀ ਗੈਰ ਸਿੱਖ ਵੀ ਸਿੱਖੀ ਦੇ ਵਾਯੂਮੰਡਲ ਵਿੱਚ ਆ ਸਕਦੇ ਹਨ। ਇਸ ਤਰਾਂ ਸਹਿਜ ਸੁਭਾਅ ਹੀ ਗੁਰਸਿੱਖ-ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਵੱਡਾ ਹਿੱਸਾ ਪਾ ਸਕਦੇ ਹਨ। ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤੇ, ਗੁਰੂ ਕਾ ਲੰਗਰ ਅਤੁੱਟ ਵਰਤਿਆ।
