ਸੁਰਿੰਦਰ ਰਾਮਪੁਰੀ ਦੀ ਕਿਤਾਬ 'ਕਵਿਤਾ ਦੇ ਪਰਛਾਵੇਂ' 'ਤੇ ਵਿਚਾਰ ਗੋਸ਼ਟੀ.

 ਕਲਾ ਸੰਗਮ ਨੀਲੋਂ ਵੱਲੋਂ ਕਰਵਾਏ ਸਮਾਗਮ ‘ਚ ਪੁੱਜੀਆਂ ਸਾਹਿਤਕ ਹਸਤੀਆਂ


ਖੰਨਾ , / ਸਮਰਾਲਾ 08 ਜੁਲਾਈ(ਮਨਜੀਤ ਸਿੰਘ ਧੀਮਾਨ )–ਕਲਾ ਸੰਗਮ ਨੀਲੋਂ ਵਲੋਂ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਕਵਿਤਾ ਦੇ ਪਰਛਾਵੇਂ’ ਤੇ ਇੱਕ ਵਿਸ਼ੇਸ਼ ਗੋਸ਼ਟੀ ਅਤੇ ਵਿਚਾਰ ਚਰਚਾ ਸੰਤ ਕ੍ਰਿਪਾਲ ਸਿੰਘ ਸੇਵਾ ਪੰਥੀ ਪਬਲਿਕ ਹਾਇਰ ਸੈਕੰਡਰੀ ਸਕੂਲ, ਨੀਲੋਂ ਵਿਖੇ ਕਰਵਾਈ ਗਈ, ਜਿਸ ਵਿੱਚ ਇਲਾਕੇ ਅਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਨਾਮਵਰ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਖ਼ਸੀਅਤ  ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸੰਤ ਸਿੰਘ ਸੋਹਲ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ, ਗੁਰਸੇਵਕ ਸਿੰਘ ਢਿੱਲੋਂ, ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਅਤੇ ਜਨਰਲ ਸਕੱਤਰ ਬੁੱਧ ਸਿੰਘ ਨੀਲੋਂ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਵੱਲੋਂ ਆਏ ਹੋਏ ਸਾਰੇ ਸਾਹਿਤਕਾਰ ਸਾਥੀਆਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਿਤਾਬ ’ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਪਹਿਲਾ ਖੋਜ-ਪਰਚਾ ਤੇਲੂ ਰਾਮ ਕੁਹਾੜਾ ਵੱਲੋਂ ਪੜ੍ਹਿਆ ਗਿਆ, ਜਿਨ੍ਹਾਂ ਨੇ ਸੁਰਿੰਦਰ ਰਾਮਪੁਰੀ ਦੇ ਜੀਵਨ, ਉਨ੍ਹਾਂ ਦੀ ਸਾਹਿਤਕ ਸਾਧਨਾ ਅਤੇ ਕਿਤਾਬ ਦੇ ਵਿਸ਼ੇ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਉਨ੍ਹਾਂ ਨੂੰ ਇੱਕ ਬਹੁ-ਵਿਧਾਵੀ ਲੇਖਕ ਵਜੋਂ ਪ੍ਰਭਾਸ਼ਿਤ ਕੀਤਾ। ਇਸੇ ਲੜੀ ਤਹਿਤ ਦੂਜਾ ਪਰਚਾ ਬੁੱਧ ਸਿੰਘ ਨੀਲੋਂ ਵੱਲੋਂ ਪੜ੍ਹਿਆ ਗਿਆ, ਜਿਨ੍ਹਾਂ ਨੇ ਰਾਮਪੁਰੀ ਨੂੰ ਸਿਰਫ਼ ਲਿਖਣ ਵਾਲੇ ਕਵੀ ਹੀ ਨਹੀਂ, ਸਗੋਂ ਸਾਹਿਤਕ ਚੇਤਨਾ ਨੂੰ ਜਥੇਬੰਦ ਕਰਨ ਵਾਲੇ ਇੱਕ ਮਹੱਤਵਪੂਰਨ ਲੇਖਕ ਕਿਹਾ। ਕਿਤਾਬ ਬਾਰੇ ਚਰਚਾ ਨੂੰ ਅੱਗੇ ਤੋਰਦਿਆਂ ਬਲਵੰਤ ਮਾਂਗਟ, ਅਮਨ ਆਜ਼ਾਦ, ਦੀਪ ਦਿਲਬਰ, ਗੁਰਭਗਤ ਅਤੇ ਗੁਰਸੇਵਕ ਸਿੰਘ ਢਿੱਲੋਂ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਰਾਮਪੁਰੀ ਦੀਆਂ ਲਿਖਤਾਂ ਨੂੰ ਆਉਣ ਵਾਲੇ ਭਵਿੱਖ ਲਈ ਇੱਕ ਚਾਨਣ ਮੁਨਾਰਾ ਦੱਸਿਆ, ਤੇਲੂ ਰਾਮ ਕੁਹਾੜਾ ਅਤੇ ਰਾਮਪੁਰੀ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਸਭਾ ਦੀਆਂ ਸਾਹਿਤਕ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ। ਇਸ ਦੌਰਾਨ ਖ਼ੁਦ ਸੁਰਿੰਦਰ ਰਾਮਪੁਰੀ ਨੇ ਆਪਣੇ ਜੀਵਨ, ਲਿਖਣ ਪ੍ਰਕਿਰਿਆ ਅਤੇ ਕਿਤਾਬ ਦੇ ਉਦੇਸ਼ ਬਾਰੇ ਬਹੁਤ ਹੀ ਕੀਮਤੀ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।

 ++++++++++++++++++++  
ਸਮਾਗਮ ਦੇ ਦੂਜੇ ਸ਼ੈਸ਼ਨ ‘ਚ ਚੱਲਿਆ ਰਚਨਾਵਾਂ ਦਾ ਦੌਰ 
ਸਮਾਗਮ ਦਾ ਦੂਜਾ ਸੈਸ਼ਨ ਇੱਕ ਸ਼ਾਨਦਾਰ ਕਵੀ ਦਰਬਾਰ ਦੇ ਰੂਪ ਵਿੱਚ ਸਜਿਆ, ਜਿਸ ਦੀ ਪ੍ਰਧਾਨਗੀ ਬਲਦੇਵ ਝੱਜ, ਸੁਰਿੰਦਰ ਸਿੰਘ ਰਾਮਪੁਰੀ, ਅਨਿਲ ਫਤਿਹਗੜ੍ਹ ਜੱਟਾਂ ਅਤੇ ਗੁਰਭਗਤ ਨੇ ਸਾਂਝੇ ਤੌਰ ’ਤੇ ਕੀਤੀ। ਇਸ ਕਵੀ ਦਰਬਾਰ ਵਿੱਚ ਅਮਰਜੀਤ ਸ਼ੇਰਪੁਰੀ ਨੇ ਗੀਤ ’ਕੋਈ ਆਪਣਾ ਤਾਂ ਹੋਇਆ’, ਕਮਲਜੀਤ ਨੀਲੋਂ ਨੇ ’ਮੇਰੀ ਮਾਂ ਬੋਲੀ ਪੰਜਾਬੀ’, ਸੁਖਵਿੰਦਰ ਭਾਦਲਾ ਨੇ ’ਸਭ ਤੋਂ ਪਿਆਰੀ ਮੈਨੂੰ ਤੂੰ’, ਕਿਰਨਜੀਤ ਕੁਲਾਰ ਨੇ ’ਵਾਹ ਵਾਹ ਸ਼ਾਬਾਸ਼ ਦੀ ਉਮਰ’, ਸੁਖਵਿੰਦਰ ਬਿੱਟੂ ਨੇ ’ਮੈਨੂੰ ਪਿਆਰ ਪੰਜਾਬੀ ਬੋਲੀ ਨਾਲ’, ਬਲਵੰਤ ਮਾਂਗਟ ਨੇ ’ਲੋਕਾਂ ਨੂੰ ਨਿਕਾਬਾਂ ਵਿੱਚ ਰਹਿਣ ਦੇ’, ਦਲਬੀਰ ਕੁਲੇਰ ਨੇ ’ ਲੋਕੋ ਹਾਕਮਾਂ ਨੂੰ ਕੁਝ ਵੀ ਨਾ ਹੋਵੇ’, ਜੁਗਰਾਜਪਾਲ ਸਿੰਘ ਨੇ ’ਵੇਹੜਾ ਮੇਰੇ ਨਾਲ ਲੜਿਆ’ ਅਤੇ ਜਗਦੇਵ ਮਕਸੂਦੜਾ ਨੇ ’ਇੱਕ ਖ਼ਤ ਸੱਜਣਾ’,  ਨੇਤਰ ਮੁਤੋਂ ਨੇ ਬਹਿਰੂਪੀਆ, ਨਰਿੰਦਰ ਮਣਕੂ ਨੇ ਨਿੱਕੀ ਜਿਹੀ ਚੀਕ, ਬਿੱਟੂ ਮਾਨੂਪੁਰੀ ਨੇ ਸਾਹਾ ਨਾਲੋਂ ਟੁੱਟੇ,  ਮੁਕੰਦ ਸਿੰਘ ਦੋਧਾਲ ਨੇ ਸਾਡੇ ਘਰ ਲੱਛਮੀ ਨੀ ਵੜਦੀ , ਬੁੱਧ ਸਿੰਘ ਨੀਲੋਂ ਨੇ ਬੇਬਸੀ , ਦੀਪ ਦਿਲਬਰ ਨੇ ਬੋਲੀਆਂ ਅਤੇ ਮਨਜੀਤ ਧੰਜਲ ਮਾਂ ਧਰਤੀ  ਵਰਗੀਆਂ ਖੂਬਸੂਰਤ ਰਚਨਾਵਾਂ ਸੁਣਾਈਆਂ ।  ਇਸ ਮੌਕੇ ਕਹਾਣੀਕਾਰ ਸੰਦੀਪ ਸਮਰਾਲਾ, ਸੁਰਜੀਤ ਵਿਸ਼ਦ, ਬਲਦੇਵ ਝੱਜ, ਗੁਰਭਗਤ ਅਤੇ ਅਮਨ ਆਜ਼ਾਦ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਮਾਗਮ ਦੇ ਅਖ਼ੀਰ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਡਾ. ਹਰਬੰਸ ਸਿੰਘ ਢਿੱਲੋਂ, ਟਹਿਲ ਸਿੰਘ ਨੀਲੋਂ, ਦਲੀਪ ਸਿੰਘ ਉੱਪਲ, ਮਕਬੂਲ ਸ਼ਾਇਰ ਬਸ਼ੀਰ ਬਦਰ ਅਤੇ ਸ਼ਾਇਰ ਪ੍ਰੀਤ ਸੰਦਲ ਦੇ ਪੂਜਨੀਕ ਮਾਤਾ ਜੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।