ਪਸ਼ੂਧਨ ਦੀ ਸਮਰੱਥਾ .

*ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਸਪਲਾਈ ਲਈ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਕੀਤੀ ਸ਼ੁਰੂਆਤ*

*ਪਸ਼ੂਧਨ ਦੀ ਸਿਹਤ ਸੁਰੱਖਿਆ ਅਤੇ ਟੀਕਾਕਰਨ ਮੁਹਿੰਮਾਂ ਨੂੰ ਮਿਲੇਗੀ ਨਵੀਂ ਮਜ਼ਬੂਤੀ: ਗੁਰਮੀਤ ਸਿੰਘ ਖੁੱਡੀਆਂ*

ਖੰਨਾ /ਲੁਧਿਆਣਾ, 07 ਜੁਲਾਈ(ਮਨਜੀਤ ਸਿੰਘ ਧੀਮਾਨ )--ਪੰਜਾਬ ਸਰਕਾਰ ਨੇ ਸੂਬੇ ਵਿੱਚ ਪਸ਼ੂਧਨ ਦੀ ਸਿਹਤ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਵੈਟਰਨਰੀ ਵੈਕਸੀਨਾਂ ਦੀ ਗੁਣਵੱਤਾ ਨੂੰ ਟ੍ਰਾਂਸਪੋਰਟ ਦੌਰਾਨ ਬਰਕਰਾਰ ਰੱਖਣ ਲਈ ਇੱਕ ਮਹੱਤਵਪੂਰਨ ਪਹਿਲ ਕਰਦਿਆਂ ਲੁਧਿਆਣਾ ਸਥਿਤ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ (ਪੀ.ਵੀ.ਵੀ.ਆਈ.) ਵਿਖੇ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਸ਼ੁਰੂਆਤ ਕੀਤੀ ਹੈ। ਇਸ ਅਤਿ-ਆਧੁਨਿਕ ਵੈਨ ਨੂੰ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਨੇ ਹਰੀ ਝੰਡੀ ਦਿਖਾ ਕੇ ਫੀਲਡ ਲਈ ਰਵਾਨਾ ਕੀਤਾ। ਇਸ ਮੌਕੇ ਕੈਬਨਿਟ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਸ਼ੂ ਪਾਲਕਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਟੀਕਾਕਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਵੈਕਸੀਨਾਂ ਦੀ ਕੋਲਡ ਚੇਨ ਨੂੰ ਬਿਨਾਂ ਕਿਸੇ ਰੁਕਾਵਟ ਦੇ ਕਾਇਮ ਰੱਖੇਗੀ, ਜਿਸ ਨਾਲ ਵੈਕਸੀਨਾਂ ਦੀ ਪ੍ਰਭਾਵਸ਼ੀਲਤਾ ਅਤੇ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਆਵੇਗੀ।
ਉਨ੍ਹਾਂ ਦੱਸਿਆ ਕਿ ਇਹ ਵੈਨ ਟ੍ਰਾਂਸਪੋਰਟ ਦੌਰਾਨ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ਨਿਰੰਤਰ ਬਣਾਈ ਰੱਖਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਹੈ। ਇਸ ਰਾਹੀਂ ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ, ਲੁਧਿਆਣਾ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੈਟਰਨਰੀ ਵੈਕਸੀਨਾਂ ਅਤੇ ਹੋਰ ਜੈਵਿਕ ਉਤਪਾਦਾਂ ਦੀ ਸੁਰੱਖਿਅਤ ਅਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਈ ਜਾਵੇਗੀ। ਖੁੱਡੀਆਂ ਨੇ ਕਿਹਾ ਕਿ ਪਸ਼ੂ ਪਾਲਕਾਂ ਦੀ ਆਰਥਿਕ ਸੁਰੱਖਿਆ ਪਸ਼ੂਧਨ ਦੀ ਸਿਹਤ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ। ਮੂੰਹ-ਖੁਰ ਦੀ ਬਿਮਾਰੀ, ਗਲਘੋਟੂ, ਬਰੂਸੀਲੋਸਿਸ, ਕਲਾਸੀਕਲ ਸਵਾਈਨ ਫੀਵਰ, ਪੀ.ਪੀ.ਆਰ. ਅਤੇ ਲੰਪੀ ਸਕਿਨ ਬਿਮਾਰੀ ਵਰਗੀਆਂ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਹਾਈ-ਟੈਕ ਕੋਲਡ ਵੈਨ ਸੂਬੇ ਭਰ ਵਿੱਚ ਭੇਜੀਆਂ ਜਾਣ ਵਾਲੀਆਂ ਵੈਕਸੀਨਾਂ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਏਗੀ ਅਤੇ ਵੈਟਰਨਰੀ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਨਿਰਦੇਸ਼ਕ ਡਾ. ਪਰਮਦੀਪ ਸਿੰਘ ਵਾਲੀਆ ਨੇ ਕਿਹਾ ਕਿ ਇਸ ਕੋਲਡ ਵੈਨ ਦੇ ਸ਼ਾਮਲ ਹੋਣ ਨਾਲ ਸੂਬੇ ਦੇ ਹਰ ਕੋਨੇ ਤੱਕ ਉੱਚ ਗੁਣਵੱਤਾ ਵਾਲੀਆਂ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਢੰਗ ਨਾਲ ਸਪਲਾਈ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਨਿਰੰਤਰ ਕੋਲਡ ਚੇਨ ਦੀ ਲੋੜ ਹੁਣ ਪੂਰੀ ਹੋ ਗਈ ਹੈ, ਜਿਸ ਨਾਲ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਚਲਾਏ ਜਾਂਦੇ ਟੀਕਾਕਰਨ ਪ੍ਰੋਗਰਾਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇਗਾ। ਇਸ ਨਾਲ ਪਸ਼ੂਧਨ ਦੀ ਸਿਹਤ ਵਿੱਚ ਸੁਧਾਰ, ਡੇਅਰੀ ਅਤੇ ਪਸ਼ੂਧਨ ਉਤਪਾਦਕਤਾ ਵਿੱਚ ਵਾਧਾ, ਮੌਤ ਦਰ ਵਿੱਚ ਕਮੀ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਦਘਾਟਨੀ ਸਮਾਰੋਹ ਦੌਰਾਨ ਸੰਯੁਕਤ ਡਾਇਰੈਕਟਰ ਡਾ. ਹਰਵੀਨ ਕੌਰ ਧਾਲੀਵਾਲ, ਸੀਨੀਅਰ ਅਧਿਕਾਰੀ ਡਾ. ਜਗਦੀਪ ਸਿੰਘ ਖਹਿਰਾ, ਡਾ. ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।