ਲੈ ਹੁਣ NEET ਦਾ ਪੇਪਰ ਦੇਣ ਅਬੂ ਧਾਬੀ ਜਾਵੇ ਵਿਦਿਆਰਥੀ?.
ਮਹਾਰਾਸ਼ਟਰ : ਨਾਗਪੁਰ ਦੇ ਇੱਕ ਵਿਦਿਆਰਥੀ ਨੂੰ ਐਤਵਾਰ ਨੂੰ ਹੋਣ ਵਾਲੀ NEET UG 2026 ਦੀ ਮੁੜ-ਪ੍ਰੀਖਿਆ ਲਈ ਗਲਤੀ ਨਾਲ ਅਬੂ ਧਾਬੀ ਵਿੱਚ ਪ੍ਰੀਖਿਆ ਕੇਂਦਰ ਅਲਾਟ ਕਰ ਦਿੱਤਾ ਗਿਆ।
ਇਸ ਮਾਮਲੇ ਤੋਂ ਬਾਅਦ ਵਿਦਿਆਰਥੀ ਦੇ ਮਾਪਿਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਤੁਰੰਤ ਸੋਧ ਦੀ ਮੰਗ ਕੀਤੀ।
ਵਿਦਿਆਰਥੀ ਅਬਦੁੱਲਾ ਤਾਲਿਬ ਨੇ ਪ੍ਰੀਖਿਆ ਕੇਂਦਰ ਲਈ ਨਾਗਪੁਰ, ਵਰਧਾ ਅਤੇ ਭੰਡਾਰਾ ਨੂੰ ਆਪਣੀ ਪਹਿਲੀ ਪਸੰਦ ਵਜੋਂ ਚੁਣਿਆ ਸੀ। ਪਰ ਜਦੋਂ ਉਸ ਨੂੰ ਐਨਟੀਏ ਵਲੋਂ ਜਾਰੀ ਕੀਤਾ ਗਿਆ ਐਡਮਿਟ ਕਾਰਡ ਮਿਲਿਆ ਤਾਂ ਉਹ ਹੈਰਾਨ ਰਹਿ ਗਿਆ, ਕਿਉਂਕਿ ਉਸ ਦਾ ਪ੍ਰੀਖਿਆ ਕੇਂਦਰ ਅਬੂ ਧਾਬੀ ਦਰਸਾਇਆ ਗਿਆ ਸੀ।
ਅਬਦੁੱਲਾ ਦੇ ਪਿਤਾ ਡਾ. ਮੁਹੰਮਦ ਤਾਲਿਬ ਨੇ ਦੱਸਿਆ ਕਿ ਇਸ ਗਲਤੀ ਬਾਰੇ ਐਨਟੀਏ ਨੂੰ ਜਾਣੂ ਕਰਵਾਇਆ ਗਿਆ, ਜਿਸ ਤੋਂ ਬਾਅਦ ਏਜੰਸੀ ਨੇ ਨਵਾਂ ਅਤੇ ਉਚਿਤ ਪ੍ਰੀਖਿਆ ਕੇਂਦਰ ਅਲਾਟ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਗੜਬੜ ਉਸ ਸਮੇਂ ਸਾਹਮਣੇ ਆਈ ਜਦੋਂ NEET-UG 2026 ਦੀ ਮੁੜ-ਪਰੀਖਿਆ ਨੂੰ ਸੁਚੱਜੇ, ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਦੇਸ਼ ਭਰ ਵਿੱਚ ਸ਼ਨਿੱਚਰਵਾਰ ਨੂੰ ਮੌਕ ਡ੍ਰਿੱਲ ਕੀਤੀ ਜਾ ਰਹੀ ਸੀ।
ਨੀਟ ਦੀ ਮੁੜ-ਪ੍ਰੀਖਿਆ 21 ਜੂਨ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਪੈੱਨ-ਐਂਡ-ਪੇਪਰ ਢੰਗ ਵਿੱਚ ਹੋਵੇਗੀ। ਇਸ ਵਿੱਚ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ 22.79 ਲੱਖ ਤੋਂ ਵੱਧ ਉਮੀਦਵਾਰ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਪਹਿਲਾਂ ਹੋਈ ਨੀਟ- ਯੂਜੀ ਪ੍ਰੀਖਿਆ ਪੇਪਰ ਲੀਕ ਦੇ ਦੋਸ਼ਾਂ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ।
ਇਸ ਦੌਰਾਨ ਕਾਂਗਰਸ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਸਿੱਖਿਆ ਮੰਤਰੀ ਅਨੀਸ ਅਹਿਮਦ ਨੇ ਕਿਹਾ ਕਿ ਅਜਿਹੀਆਂ ਗਲਤੀਆਂ ਪਹਿਲਾਂ ਹੀ ਤਣਾਅ ਹੇਠ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ’ਤੇ ਹੋਰ ਦਬਾਅ ਪਾਉਂਦੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ।
