ਜ਼ਿਲ੍ਹਾ ਅਕਾਲੀ ਜੱਥਾ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦਾ ਬਿਆਨ .

*ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵ ਉਚ ਦੱਸਣ ਵਾਲੇ ਮੁੱਖ ਮੰਤਰੀ ਮਾਨ ਅੱਜ ਫਿਰ ਟਿੱਪਣੀਆਂ ਕਿਉਂ ਕਰ ਰਹੇ*

ਲੁਧਿਆਣਾ 19 ਜੂਨ - ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਵਾਦ ਵੀਡੀਓ ਬਾਰੇ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖਾਂ ਦੇ ਸਰਵ ਉੱਚ ਅਸਥਾਨ ਦੱਸ ਕੇ ਖੁਦ ਵੀ ਉਸਦਾ ਮਾਣ ਸਨਮਾਨ ਕਰਨ ਦੀ ਗੱਲ ਕਰਦੇ ਹਨ ਪਰੰਤੂ ਦੂਜੇ ਹੀ ਪਾਸੇ ਉਸੇ ਸਰਵ ਉੱਚ ਅਸਥਾਨ ਦੇ ਵਜ਼ੀਰ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵੱਲੋਂ ਭਗਵੰਤ ਸਿੰਘ ਮਾਨ ਵੱਲੋਂ ਬੇਅਦਬੀ ਕੀਤੇ ਜਾਣ ਵਾਲੀ ਵਾਇਰਲ ਵੀਡੀਓ ਦੀ ਜਾਂਚ ਦੌਰਾਨ ਉਸ ਨੂੰ ਦੋਸ਼ੀ ਠਹਿਰਾਏ ਜਾਣ ਤੇ ਕਿੰਤੂ ਪ੍ਰੰਤੂ ਕਰਨ ਸਮੇਤ ਅਨੇਕ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਬਾਜ ਨਹੀਂ ਆ ਰਹੇ। ਜਿਸ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੋਹਰਾ ਚਿਹਰਾ ਫਿਰ ਤੋਂ ਉਜਾਗਰ ਹੋ ਰਿਹਾ ਹੈ। ਭੁਪਿੰਦਰ ਭਿੰਦਾ ਨੇ ਕਿਹਾ ਕਿ ਕਦੇ ਉਹ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਨਮਸਤਕ ਹੋਣ ਦੀ ਗੱਲ ਕਰਦੇ ਹਨ ਤੇ ਕਦੇ ਉਹ ਆਪਣੇ ਆਪ ਨੂੰ ਬਚਾਉਣ ਲਈ ਉਸ ਅਸਥਾਨ ਤੋਂ ਆਏ ਹੁਕਮਾਂ ਦੇ ਖਿਲਾਫ ਟਿੱਕਾ ਟਿੱਪਣੀਆਂ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਭੁਪਿੰਦਰ ਭਿੰਦਾ ਨੇ ਕਿਹਾ ਕਿ ਮਾਨ ਸਾਹਿਬ ਤੁਸੀਂ ਜਿੰਨਾ ਮਰਜ਼ੀ ਝੂਠ ਬੋਲ ਕੇ ਆਪਣੀਆਂ ਗਲਤੀਆਂ ਦਾ ਠੀਕਰਾ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਭੰਨ ਦਿਓ, ਪ੍ਰੰਤੂ ਸੂਬੇ ਦੇ ਲੋਕ ਤੁਹਾਡੀ ਸ਼ਖਸ਼ੀਅਤ ਨੂੰ ਚੰਗੀ ਤਰ੍ਹਾਂ ਪਹਿਚਾਣ ਚੁੱਕੇ ਹਨ। ਤੁਸੀਂ ਨਾ ਸਿਰਫ ਪੰਜਾਬ ਪੰਜਾਬੀਅਤ ਦਾ ਘਾਣ ਕੀਤਾ ਹੈ ਬਲਕਿ ਗੁਰੂ ਸਾਹਿਬਾਨਾਂ ਦੀ ਬੇਅਦਬੀ ਕਰਨ ਦਾ ਵੱਡਾ ਪਾਪ ਕੀਤਾ ਹੈ। ਜਿਸ ਨੂੰ ਸੂਬੇ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਮਾਂ ਆਉਣ ਤੇ ਕੀਤੇ ਗਏ ਹਰ ਪਾਪ ਦਾ ਜਵਾਬ ਦੇਣਾ ਪਵੇਗਾ ਤੇ ਸਜਾ ਭੁਗਤਣੀ ਪਵੇਗੀ।