ਸੱਤਾ ਵਿਚ ਵਾਪਸੀ ਦੀ ਬਜਾਏ ਅਕਾਲੀਆਂ ਦੀ ਹੁਣ ਜੇਲ੍ਹ ਜਾਣ ਦੀ ਵਾਰੀ: CM ਮਾਨ .
* ਆਪ ਦਾ ‘ਝਾੜੂ’ ਪੰਜਾਬ ਦੇ ਸਿਆਸੀ ਪ੍ਰਬੰਧ ਦੀ ਸਫ਼ਾਈ ਕਰ ਰਿਹਾ ਹੈ ਅਤੇ ਆਪਣੇ ਪਾਪਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਝੂਠ ਬੋਲਿਆ, ਉਹ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਕਾਂਗਰਸ ਆਪਣੇ ਆਖਰੀ ਸਾਹਾਂ ਉੱਤੇ ਹੈ ਅਤੇ ਆਪਣੀ ਅੰਦਰੂਨੀ ਲੜਾਈ ਕਾਰਨ ਖ਼ਤਮ ਹੋ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਲੋਕ-ਪੱਖੀ ਸ਼ਾਸਨ ਕਾਰਨ ਪੰਜਾਬ ਸਿੱਖਿਆ, ਸਿਹਤ, ਬਿਜਲੀ ਅਤੇ ਭਲਾਈ ਦੇ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਦਾ ਗਵਾਹ ਬਣ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
* ਅਕਾਲੀ ਅਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ; ਦੋਵਾਂ ਨੇ ਸਿਰਫ਼ ਆਪਣੇ ਨਿੱਜੀ ਹਿੱਤਾਂ ਲਈ ਕੰਮ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਫਗਵਾੜਾ; 18 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ 'ਤੇ ਵਾਰੋ-ਵਾਰੀ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਸੂਬੇ ਦੇ ਭਰੋਸੇ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਫਗਵਾੜਾ ਵਿੱਚ ‘ਲੋਕ ਮਿਲਣੀ’ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ (ਆਪ) ਦਾ ‘ਝਾੜੂ’ ਪੰਜਾਬ ਦੇ ਸਿਆਸੀ ਪ੍ਰਬੰਧ ਦੀ ਸਫ਼ਾਈ ਕਰ ਰਿਹਾ ਹੈ, ਉੱਥੇ ਇੱਕੋ ਸਿੱਕੇ ਦੇ ਦੋ ਪਹਿਲੂ—ਅਕਾਲੀ ਅਤੇ ਕਾਂਗਰਸ—ਦਹਾਕਿਆਂ ਤੱਕ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕਰਨ ਤੋਂ ਬਾਅਦ ਹੁਣ ਆਪਣੀ ਸਿਆਸੀ ਹੋਂਦ ਦੀ ਲੜਾਈ ਲੜ ਰਹੇ ਹਨ।
ਅਕਾਲੀ ਲੀਡਰਸ਼ਿਪ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਅਤੇ ਉਨ੍ਹਾਂ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਝੂਠ ਬੋਲਿਆ, ਉਹ ਕਿਸੇ ਦੇ ਵਫ਼ਾਦਾਰ ਨਹੀਂ ਹੋ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਆਪਣੀ ਅੰਦਰੂਨੀ ਲੜਾਈ ਕਾਰਨ ਆਖਰੀ ਸਾਹਾਂ 'ਤੇ ਹੈ, ਜਦਕਿ 'ਆਪ' ਸਰਕਾਰ ਦੇ ਲੋਕ-ਪੱਖੀ ਸ਼ਾਸਨ ਅਧੀਨ ਪੰਜਾਬ ਸਿੱਖਿਆ, ਸਿਹਤ, ਬਿਜਲੀ ਅਤੇ ਭਲਾਈ ਦੇ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਦੇਖ ਰਿਹਾ ਹੈ।
