ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਵਿੱਚ ਭਾਰਤੀ ਜਹਾਜ਼ਾਂ ਦੇ ਲਾਂਘੇ ਤੇ ਪਾਬੰਦੀ ਦੀ ਮਿਆਦ ਵਧਾਈ .
ਪਾਕਿਸਤਾਨ ਨੇ ਭਾਰਤ ਵਿੱਚ ਰਜਿਸਟਰਡ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ’ਤੇ ਲੱਗੀ ਪਾਬੰਦੀ ਨੂੰ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ। ਹੁਣ ਇਹ ਪਾਬੰਦੀ 24 ਜੁਲਾਈ ਤੱਕ ਲਾਗੂ ਰਹੇਗੀ।
ਇਹ ਪਾਬੰਦੀ ਪਹਿਲੀ ਵਾਰ ਅਪਰੈਲ 2025 ਵਿੱਚ ਲਗਾਈ ਗਈ ਸੀ। ਇਸ ਤੋਂ ਇੱਕ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਫ਼ੀ ਵੱਧ ਗਿਆ ਸੀ ਅਤੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਸਨ ਕਿ ਦੋਵੇਂ ਪਰਮਾਣੂ ਤਾਕਤ ਵਾਲੇ ਦੇਸ਼ਾਂ ਵਿਚਕਾਰ ਚਾਰ ਦਿਨਾਂ ਤੱਕ ਫੌਜੀ ਟਕਰਾਅ ਵੀ ਹੋਇਆ ਸੀ।
ਭਾਰਤ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ’ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ।
ਪਾਕਿਸਤਾਨ ਏਅਰਪੋਰਟਸ ਅਥਾਰਟੀ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਜਹਾਜ਼ਾਂ ’ਤੇ ਲੱਗੀ ਪਾਬੰਦੀ, ਭਾਵੇਂ ਉਹ ਨਾਗਰਿਕ ਹੋਣ ਜਾਂ ਫੌਜੀ, 16 ਜੂਨ ਸ਼ਾਮ 5:50 ਵਜੇ ਤੋਂ 24 ਜੁਲਾਈ ਸਵੇਰੇ 4:59 ਵਜੇ ਤੱਕ ਲਾਗੂ ਰਹੇਗੀ।
ਹਾਲਾਂਕਿ ਦੋਵੇਂ ਦੇਸ਼ਾਂ ਵਿਚਕਾਰ ਫੌਜੀ ਤਣਾਅ ਪਹਿਲਾਂ ਨਾਲੋਂ ਘੱਟ ਹੋਇਆ ਹੈ ਪਰ ਕੂਟਨੀਤਕ ਸਬੰਧ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ। ਦੋਵੇਂ ਪਾਸੇ ਸੰਕਟ ਦੌਰਾਨ ਲਗਾਈਆਂ ਗਈਆਂ ਕਈ ਪਾਬੰਦੀਆਂ ਅਤੇ ਜਵਾਬੀ ਕਦਮ ਅਜੇ ਵੀ ਜਾਰੀ ਰੱਖੇ ਹੋਏ ਹਨ।
ਹਵਾਈ ਖੇਤਰ ਲੰਬੇ ਸਮੇਂ ਲਈ ਬੰਦ ਰਹਿਣ ਕਾਰਨ ਭਾਰਤੀ ਏਅਰਲਾਈਨ ਕੰਪਨੀਆਂ ਦੇ ਖਰਚੇ ਹੋਰ ਵਧ ਸਕਦੇ ਹਨ। ਕਈ ਏਅਰਲਾਈਨਾਂ ਨੂੰ ਮੱਧ ਏਸ਼ੀਆ, ਯੂਰਪ, ਪੱਛਮੀ ਏਸ਼ੀਆ ਅਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਣਾਂ ਲਈ ਹੁਣ ਲੰਬੇ ਰਸਤੇ ਅਪਣਾਉਣੇ ਪੈ ਰਹੇ ਹਨ, ਜਿਸ ਨਾਲ ਉਡਾਣਾਂ ਦਾ ਸਮਾਂ ਅਤੇ ਤੇਲ ਖਰਚ ਦੋਵੇਂ ਵਧ ਰਹੇ ਹਨ।
