ਦੇਹਰਾਦੂਨ ਵਿਖੇ 23 ਸਾਲਾ ਨੀਟ ਸਟੂਡੈਂਟ ਨੇ ਕੀਤੀ ਖੁਦਕੁਸ਼ੀ6.

ਦੇਹਰਾਦੂਨ : ਇਥੋਂ ਦੇ ਚੰਦਰਬਨੀ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ 23 ਸਾਲਾ NEET ਪ੍ਰੀਖਿਆਰਥੀ ਰੀਆ ਨੇ ਕਥਿਤ ਤੌਰ 'ਤੇ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ। ਰੀਆ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਉਸ ਨੇ 12ਵੀਂ ਜਮਾਤ ਵਿੱਚ 96.7 ਫ਼ੀਸਦੀ ਅੰਕ ਹਾਸਲ ਕੀਤੇ ਸਨ ਅਤੇ ਬਾਅਦ ਵਿੱਚ ਉਹ ਕਾਲਜ ਟਾਪਰ ਵੀ ਰਹੀ ਸੀ।

ਉਹ NEET ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਅਤੇ ਕਥਿਤ ਤੌਰ 'ਤੇ ਰੀ-ਐਗਜ਼ਾਮੀਨੇਸ਼ਨ ਨੂੰ ਲੈ ਕੇ ਤਣਾਅ ਵਿਚ ਸੀ।

ਅਧਿਕਾਰੀਆਂ ਅਨੁਸਾਰ ਘਟਨਾ ਵਾਲੀ ਥਾਂ ਤੋਂ ਮਿਲੇ ਇੱਕ ਖ਼ੁਦਕੁਸ਼ੀ ਨੋਟ ਵਿੱਚ "ਮੰਮੀ ਅਤੇ ਪਾਪਾ, ਮੈਂ ਤੁਹਾਨੂੰ ਪਿਆਰ ਕਰਦੀ ਹਾਂ" ਸ਼ਬਦ ਲਿਖੇ ਹੋਏ ਸਨ, ਨਾਲ ਹੀ ਆਪਣੀ ਪੜ੍ਹਾਈ ਵਿੱਚ ਸਫ਼ਲਤਾ ਹਾਸਲ ਨਾ ਕਰ ਪਾਉਣ ਨੂੰ ਲੈ ਕੇ ਨਿਰਾਸ਼ਾ ਅਤੇ ਪਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਗਿਆ ਸੀ।

ਸਰਕਲ ਅਧਿਕਾਰੀ  ਸਦਰ ਅੰਕਿਤ ਕੰਦਾਰੀ ਨੇ ਕਿਹਾ, “ਕੱਲ੍ਹ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ। ਪਟੇਲ ਨਗਰ ਪੁਲੀਸ ਸਟੇਸ਼ਨ ਵਿੱਚ ਇੱਕ ਰਿਪੋਰਟ ਪ੍ਰਾਪਤ ਹੋਈ ਸੀ ਕਿ ਚੰਦਰਬਨੀ ਵਿੱਚ ਰੀਆ ਨਾਮ ਦੀ ਇੱਕ 23 ਸਾਲਾ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਵੇਰੇ ਕਰੀਬ 10.30 ਵਜੇ ਜਦੋਂ ਉਸਦੀ ਮਾਂ ਉਸਨੂੰ ਨਾਸ਼ਤੇ ਲਈ ਬੁਲਾ ਰਹੀ ਸੀ ਤਾਂ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਉਸਨੇ ਫਾਹਾ ਲੈ ਲਿਆ ਸੀ।”

ਸਰਕਲ ਅਧਿਕਾਰੀ ਅਨੁਸਾਰ, ਭਾਵੇਂ ਮੌਕੇ ਤੋਂ ਪਿਆਰ ਅਤੇ ਮੁਆਫ਼ੀ ਵਾਲਾ ਇੱਕ ਸੰਖੇਪ ਖ਼ੁਦਕੁਸ਼ੀ ਨੋਟ ਮਿਲਿਆ ਹੈ, ਪਰ ਲੜਕੀ ਨੇ ਪਹਿਲਾਂ ਕਦੇ ਵੀ ਮਾਨਸਿਕ ਤਣਾਅ  ਜਾਂ ਆਪਣੇ ਸੁਭਾਅ ਵਿੱਚ ਬਦਲਾਅ ਦਾ ਕੋਈ ਸੰਕੇਤ ਨਹੀਂ ਦਿੱਤਾ ਸੀ ।

ਸੀ ਓ ਨੇ ਦੱਸਿਆ, “ਮਾਪਿਆਂ ਮੁਤਾਬਕ ਲੜਕੀ ਉਸ ਰਾਤ ਉਨ੍ਹਾਂ ਨਾਲ ਇੱਕ 'ਜਾਗਰਣ' ਵਿੱਚ ਗਈ ਸੀ। ਦੇਰ ਰਾਤ ਤੱਕ ਪੜ੍ਹਨ ਦੀ ਆਦਤ ਕਾਰਨ ਉਹ ਸਵੇਰੇ ਦੇਰ ਨਾਲ ਉੱਠੀ, ਜੋ ਕਿ ਉਸ ਦਾ ਰੋਜ਼ਾਨਾ ਦਾ ਆਮ ਰੁਟੀਨ ਸੀ। ਉਸ ਦੇ ਰਹਿਣ-ਸਹਿਣ ਜਾਂ ਸੁਭਾਅ ਵਿੱਚ ਕੋਈ ਅਜਿਹੀ ਪਰੇਸ਼ਾਨੀ ਵਾਲੀ ਗੱਲ ਸਾਹਮਣੇ ਨਹੀਂ ਆਈ। ਉਹ ਆਪਣੇ ਮਾਪਿਆਂ ਅਤੇ ਭੈਣ-ਭਰਾਵਾਂ ਨਾਲ ਹੀ ਰਹਿੰਦੀ ਸੀ। ਜਿੱਥੋਂ ਤੱਕ ਖ਼ੁਦਕੁਸ਼ੀ ਦੇ ਕਾਰਨ ਦਾ ਸਵਾਲ ਹੈ, ਉਸ ਨੇ ਚਾਰ-ਪੰਜ ਲਾਈਨਾਂ ਦਾ ਇੱਕ ਨੋਟ ਛੱਡਿਆ ਹੈ, ਜਿਸ ਵਿੱਚ 'ਆਈ ਲਵ ਯੂ' ਅਤੇ 'ਆਈ ਐਮ ਸੌਰੀ' ਲਿਖਿਆ ਹੈ। ਇਸ ਤੋਂ ਇਲਾਵਾ ਮਾਪਿਆਂ ਅਤੇ ਗੁਆਂਢੀਆਂ ਨਾਲ ਗੱਲ ਕਰਨ 'ਤੇ ਵੀ ਹੁਣ ਤੱਕ ਖ਼ੁਦਕੁਸ਼ੀ ਦਾ ਕੋਈ ਸਪਸ਼ਟ ਕਾਰਨ ਪਤਾ ਨਹੀਂ ਲੱਗ ਸਕਿਆ ਹੈ।”