ਪੰਜਾਬ ਸਿਰ ਚੜ੍ਹੇਗਾ ਹੋਰ ਕਰਜ਼ਾ.
ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਹੋਈ ਭਾਰੀ: AAP ਸਰਕਾਰ ਇਸੇ ਮਹੀਨੇ ਲਵੇਗੀ 1,000 ਕਰੋੜ ਦਾ ਨਵਾਂ ਕਰਜ਼ਾ
ਵਿਕਾਸ ਸਕੀਮਾਂ ਅਤੇ ਪੂੰਜੀਗਤ ਖ਼ਰਚਿਆਂ ਲਈ 7 ਸਾਲਾਂ ਦੀ ਮਿਆਦ ਵਾਸਤੇ ਚੁੱਕਿਆ ਜਾ ਰਿਹਾ ਹੈ ਨਵਾਂ ਕਰਜ਼ਾ- ਮੌਜੂਦਾ ਵਿੱਤੀ ਸਾਲ 2026-27 ਵਿੱਚ ਮਾਰਕੀਟ ਉਧਾਰ ਜ਼ਰੀਏ 43,798.38 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ
ਚੰਡੀਗੜ੍ਹ, 16 ਜੂਨ 2026-
ਪੰਜਾਬ ਦੀ ਆਰਥਿਕ ਸਥਿਤੀ ਅਤੇ ਕਰਜ਼ੇ ਦੇ ਮੁੱਦੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੀ ਆਮ ਆਦਮੀ ਪਾਰਟੀ (AAP) ਸਰਕਾਰ ਚਾਲੂ ਵਿੱਤੀ ਸਾਲ 2026-27 ਦੇ ਇਸੇ ਮਹੀਨੇ ਵਿੱਚ 1,000 ਕਰੋੜ ਰੁਪਏ ਦਾ ਇੱਕ ਹੋਰ ਨਵਾਂ ਕਰਜ਼ਾ ਲੈਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਚਲੰਤ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ (ਅਪਰੈਲ ਵਿੱਚ 2800 ਕਰੋੜ ਅਤੇ ਮਈ ਵਿੱਚ 2500 ਕਰੋੜ ਰੁਪਏ) ਦੌਰਾਨ 5300 ਕਰੋੜ ਰੁਪਏ ਦਾ ਕਰਜ਼ਾ ਪਹਿਲਾਂ ਹੀ ਚੁੱਕ ਚੁੱਕੀ ਹੈ। ਹੁਣ ਇਸ ਨਵੇਂ 1,000 ਕਰੋੜ ਦੇ ਕਰਜ਼ੇ ਤੋਂ ਬਾਅਦ ਮਹਿਜ਼ ਤਿੰਨ ਮਹੀਨਿਆਂ ਵਿੱਚ ਇਹ ਅੰਕੜਾ ਵਧ ਕੇ 6,300 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
