ਕੈਨੇਡਾ ਵਿੱਚ ਅਪਰਾਧੀਆਂ ਨੂੰ ਹੁਣ ਜ਼ਮਾਨਤ ਮਿਲਣਾ ਮੁਸ਼ਕਿਲ ਹੋ ਜਾਏਗਾ.
ਕੈਨੇਡਾ ’ਚ ਹੁਣ ਅਪਰਾਧੀਆਂ ਨੂੰ ਜਮਾਨਤ ਮਿਲਣੀ ਔਖੀ ਹੋ ਜਾਵੇਗੀ। ਜਮਾਨਤ ਨਿਯਮਾਂ ਦੇ ਬਦਲਾਅ ਵਾਲੇ ਬਿਲ ਸੀ 14 ਨੂੰ ਪਾਰਲੀਮੈਂਟ ਵਲੋਂ ਪਾਸੇ ਕੀਤੇ ਜਾਣ ਤੋਂ ਬਾਅਦ ਗਵਰਨਰ ਜਨਰਲ ਵਲੋਂ ਇਸ ’ਤੇ ਸਹੀ ਪਾ ਦਿੱਤੀ ਗਈ ਹੈ ਅਤੇ ਇਹ ਨਿਯਮ 15 ਜੁਲਾਈ ਤੋਂ ਲਾਗੂ ਹੋ ਜਾਣਗੇ। ਫੈਡਰਲ ਕਾਨੂੰਨ ਮੰਤਰੀ ਸ਼ੌਨ ਫਰੇਜਰ ਵਲੋਂ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਾਰੇ ਸੂਬਿਆਂ ਦੇ ਕਾਨੂੰਨ ਮੰਤਰੀਆਂ ਤੇ ਨਿਆਂ ਵਿਭਾਗਾਂ ਨੂੰ ਇਸ ਬਾਰੇ ਸੂਚਿਤ ਕਰਕੇ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਨੂੰ ਜੇਲਾਂ ’ਚ ਬੰਦ ਰੱਖਣ ਲਈ ਪਾਸ ਹੋਏ ਇਸ ਕਾਨੂੰਨ ਨਾਲ ਅਮਨ ਕਨੂੰਨ ਦੀ ਸਥਿਤੀ ’ਚ ਵੱਡਾ ਸੁਧਾਰ ਹੋਵੇਗਾ। ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਪਹਿਲੇ ਅਪਰਾਧ ਲਈ ਜਮਾਨਤ ਨਾ ਮਿਲਣ ਕਰਕੇ ਹੁਣ ਇੱਕ ਅਪਰਾਧੀ ਵਲੋਂ ਵਾਰ ਵਾਰ ਅਪਰਾਧ ਕੀਤੇ ਜਾਣ ਦੇ ਰੁਝਾਨ ਤੇ ਠੱਲ੍ਹ ਪਵੇਗੀ, ਕਿਉਂਕਿ ਅਪਰਾਧੀ ਜੇਲ੍ਹਾਂ ਵਿੱਚ ਰਹਿਣਗੇ।
ਉਨ੍ਹਾਂ ਕਿਹਾ ਕਿ ਇਸ ਨਾਲ ਚੋਰੀਆਂ, ਠੱਗੀਆਂ, ਹਿੰਸਕ ਕਾਰਵਾਈਆਂ, ਗੋਲੀਬਾਰੀ ਤੇ ਅਜਿਹੀਆਂ ਹੋਰ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਲੋਕ ਵਾਰ ਵਾਰ ਅਪਰਾਧ ਨੂੰ ਅੰਜਾਮ ਨਹੀਂ ਕਰ ਸਕਣਗੇ। ਮੰਤਰੀ ਨੇ ਮੰਨਿਆ ਕਿ ਜਮਾਨਤ ਨਿਯਮ ਨਰਮ ਹੋਣ ਕਾਰਨ ਹੀ ਕੈਨੇਡਾ ’ਚ ਅਪਰਾਧਾਂ ’ਚ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਇਸਨੂੰ ਸਖਤ ਨਾਲ ਲਾਗੂ ਕਰਨ ਲਈ ਜੱਜਾਂ ਨੂੰ ਲੋੜੀਦੇ ਸਾਧਨ ਮੁਹੱਈਆ ਕਰਾਏ ਜਾਣਗੇ।
