ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ.
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਬਿਆਸ ਰੇਲਵੇ ਸਟੇਸ਼ਨ ਦਾ ਲਗਪਗ 62 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਵਿਕਾਸ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਵਧਣ ਵਾਲੀ ਯਾਤਰੀ ਗਿਣਤੀ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਅੰਮ੍ਰਿਤਸਰ- ਸ੍ਰੀ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਨਵੇਂ ਰੂਟ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸ੍ਰੀ ਬਿੱਟੂ ਨੇ ਕਿਹਾ ਕਿ ਰੇਲ ਸੰਪਰਕ, ਧਾਰਮਿਕ ਸੈਰ-ਸਪਾਟੇ ਅਤੇ ਯਾਤਰੀ ਸਹੂਲਤਾਂ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੰਮ੍ਰਿਤਸਰ–ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਗੁਰਦਾਸਪੁਰ ਅਤੇ ਬਟਾਲਾ ਰਾਹੀਂ ਨਵੇਂ ਰੂਟ 'ਤੇ ਚਲਾਇਆ ਗਿਆ ਹੈ। ਸੋਧੇ ਗਏ ਰੂਟ 'ਤੇ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਭਾਰਤੀ ਰੇਲਵੇ ਦੇ ਲਗਾਤਾਰ ਆਧੁਨਿਕੀਕਰਨ ਦੇ ਯਤਨਾਂ ਵਿੱਚ ਇੱਕ ਹੋਰ ਮੀਲ ਪੱਥਰ ਹੈ। ਪਵਿੱਤਰ ਨਗਰੀ ਅੰਮ੍ਰਿਤਸਰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਨੂੰ ਜੋੜਨ ਵਾਲੀ ਇਹ ਸੇਵਾ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਯਾਤਰੀਆਂ ਨੂੰ ਤੇਜ਼, ਸੁਰੱਖਿਅਤ ਅਤੇ ਹੋਰ ਆਰਾਮਦਾਇਕ ਯਾਤਰਾ ਮੁਹੱਈਆ ਕਰੇਗੀ।
ਨਵੇਂ ਰੂਟ ਕਾਰਨ ਯਾਤਰਾ ਦੀ ਦੂਰੀ ਵਿੱਚ ਲਗਪਗ 84 ਕਿਲੋਮੀਟਰ ਦੀ ਕਮੀ ਆਵੇਗੀ ਅਤੇ ਯਾਤਰਾ ਸਮੇਂ ਵਿੱਚ ਤਕਰੀਬਨ 40 ਮਿੰਟ ਦੀ ਬਚਤ ਹੋਵੇਗੀ। 283 ਕਿਲੋਮੀਟਰ ਦਾ ਸਫ਼ਰ ਕਰੀਬ ਪੰਜ ਘੰਟਿਆਂ ਵਿੱਚ ਤੈਅ ਕਰਨ ਵਾਲੀ ਇਹ ਰੇਲਗੱਡੀ ਆਧੁਨਿਕ ਏ.ਸੀ. ਚੇਅਰ ਕਾਰ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਕੋਚਾਂ ਨਾਲ ਲੈਸ ਹੈ, ਜੋ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰੇਗੀ।
ਇਹ ਸੇਵਾ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਸ੍ਰੀ ਰਾਮ ਤੀਰਥ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਮ ਨੂੰ ਜੋੜਨ ਵਾਲੇ ਧਾਰਮਿਕ ਸੈਰ-ਸਪਾਟਾ ਸਰਕਿਟ ਨੂੰ ਹੋਰ ਮਜ਼ਬੂਤ ਕਰੇਗੀ। ਇਸ ਦੇ ਨਾਲ ਹੀ ਇਹ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟੇ, ਵਪਾਰਕ ਗਤੀਵਿਧੀਆਂ, ਕਾਰੋਬਾਰ ਅਤੇ ਆਰਥਿਕ ਵਿਕਾਸ ਨੂੰ ਵੀ ਨਵੀਂ ਗਤੀ ਪ੍ਰਦਾਨ ਕਰੇਗੀ।
ਇਸ ਮੌਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬਿਆਸ ਰੇਲਵੇ ਸਟੇਸ਼ਨ ਤੇ ਇਸ ਵੇਲੇ ਰੋਜ਼ਾਨਾ ਲਗਭਗ 106 ਰੇਲਗੱਡੀਆਂ ਦੀ ਆਵਾਜਾਈ ਹੈ, ਜਿਨ੍ਹਾਂ ਵਿੱਚ 98 ਠਹਿਰਨ ਵਾਲੀਆਂ ਅਤੇ 8 ਸ਼ੁਰੂ ਜਾਂ ਸਮਾਪਤ ਹੋਣ ਵਾਲੀਆਂ ਰੇਲਗੱਡੀਆਂ ਸ਼ਾਮਲ ਹਨ। ਮੌਜੂਦਾ ਸਮੇਂ ਸਟੇਸ਼ਨ 'ਤੇ ਹਰ ਰੋਜ਼ ਲਗਭਗ 6,166 ਯਾਤਰੀਆਂ ਦੀ ਆਵਾਜਾਈ ਹੁੰਦੀ ਹੈ, ਜੋ ਭਵਿੱਖ ਵਿੱਚ ਵਧ ਕੇ ਲਗਭਗ 19,500 ਯਾਤਰੀ ਪ੍ਰਤੀ ਦਿਨ ਹੋਣ ਦਾ ਅਨੁਮਾਨ ਹੈ।
