ਸਤਲੁਜ ਦਰਿਆ ਵਿਚੋਂ ਗਾਦ ਕੱਢਣ ਦਾ ਕੰਮ ਸਵਾਲਾਂ ਦੇ ਘੇਰੇ ਵਿੱਚ .

ਰੋਪੜ : ਰੋਪੜ ਜ਼ਿਲ੍ਹੇ 'ਚ ਸਤਲੁਜ ਦਰਿਆ ਵਿੱਚ ਪਾਣੀ ਦੇ ਵਹਾਅ ਦੇ ਵਧਣ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਨੇੜੇ ਅਗੰਮਪੁਰ ਪੁਲ ਦੇ ਪਿੱਲਰਾਂ ਦੇ ਆਲੇ-ਦੁਆਲੇ ਹਾਲ ਹੀ ਵਿੱਚ ਕੀਤੇ ਗਏ ਹੜ੍ਹ ਸੁਰੱਖਿਆ ਕਾਰਜਾਂ ਨੂੰ ਹੋਏ ਨੁਕਸਾਨ ਨੂੰ ਲੈਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਹੜ੍ਹ ਕੰਟਰੋਲ ਪ੍ਰੋਗਰਾਮ ਤਹਿਤ ਦਰਿਆ ਦੇ ਤਲ ਵਿੱਚ ਚਲਾਈ ਜਾ ਰਹੀ  ਡੀਸਿਲਟਿੰਗ ਮੁਹਿੰਮ ਦੇ ਪ੍ਰਭਾਵ 'ਤੇ ਚਿੰਤਾਵਾਂ ਨੂੰ ਇਸ ਘਟਨਾ ਨੇ ਹੋਰ ਵਧਾ ਦਿੱਤਾ ਹੈ।

ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਪਿੱਲਰਾਂ ਨੇੜੇ ਇਹ ਨਕਸਾਂ ਉਦੋਂ ਹੋਇਆ ਜਦੋਂ ਉੱਪਰੀ ਇਲਾਕਿਆਂ ਵਿੱਚ ਬਾਰਿਸ਼ ਹੋਣ ਨਾਲ ਅਤੇ ਭਾਖੜਾ ਡੈਮ ਵਿੱਚੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਸਤਲੁਜ ਵਿੱਚ ਲਗਪਗ 40 ਹਜ਼ਾਰ ਕਿਊਸਿਕ ਪਾਣੀ ਦਾ ਵਹਾਅ ਹੋਇਆ।            ਦੱਸ ਦੇਈਏ ਕਿ ਪ੍ਰਭਾਵਿਤ ਪੁਲ ਪੂਰੇ ਦੋਆਬਾ ਖੇਤਰ ਨੂੰ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਇੱਕ ਅਹਿਮ ਕੜੀ ਹੈ। ਇਸ ਕਰਕੇ  ਇਸ ਪੁਲ ਦੀ ਢਾਂਚਾਗਤ ਸੁਰੱਖਿਆ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।
 ਪਿਛਲੇ ਕਈ ਮਹੀਨਿਆਂ ਤੋਂ ਪੁਲ ਦੇ ਨੇੜੇ ਡੀਸਿਲਟਿੰਗ ਗਤੀਵਿਧੀਆਂ ਦਾ ਵਿਰੋਧ ਕਰ ਰਹੇ ਹਨ, ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਦਰਿਆ ਦੇ ਤਲ ਵਿੱਚੋਂ ਰੇਤ ਅਤੇ ਬਜਰੀ ਦੀ ਵਿਆਪਕ ਮਾਈਨਿੰਗ ਨੇ ਦਰਿਆ ਦਾ ਕੁਦਰਤੀ ਰਸਤਾ ਬਦਲ ਦਿੱਤਾ ਹੈ ਅਤੇ ਰੇਤ ਅਤੇ ਬਜਰੀ ਦੇ ਕੁਦਰਤੀ ਤੌਰ 'ਤੇ ਬਣੇ ਟਿੱਬਿਆਂ ਨੂੰ ਹਟਾਉਣ ਨਾਲ ਦਰਿਆ ਦੇ ਵਹਾਅ ਵਿੱਚ ਰੁਕਾਵਟ ਆਈ ਹੈ ਜਿਸ ਨਾਲ ਹਾਲ ਹੀ ਵਿੱਚ ਬਣੇ ਸੁਰੱਖਿਆ ਢਾਂਚੇ ਕਮਜ਼ੋਰ ਹੋ ਗਏ ਹਨ। ਡੀਸਿਲਟਿੰਗ ਦੇ ਨਾਮ 'ਤੇ ਸਤਲੁਜ ਵਿੱਚੋਂ ਵੱਡੀ ਮਾਤਰਾ ਵਿਚ ਰੇਤ ਅਤੇ ਬਜਰੀ ਕੱਢੀ ਗਈ ਹੈ ਹੈ। ਹਾਲਾਂਕਿ, ਲੋਕ ਨਿਰਮਾਣ ਵਿਭਾਗ ਦਾ ਕਹਿਣਾ ਹੈ  ਕਿ ਸੁਰੱਖਿਆ ਦਾ ਕੰਮ ਅਜੇ ਚੱਲ ਰਿਹਾ ਸੀ ਅਤੇ ਮੁਕੰਮਲ ਨਹੀਂ ਹੋਇਆ ਸੀ। ਕਾਰਜਕਾਰੀ ਇੰਜੀਨੀਅਰ ਐਚ.ਐਸ. ਭੁੱਲਰ ਨੇ ਕਿਹਾ ਕਿ ਵਿਭਾਗ ਨੇ ਇਸ ਕੰਮ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਕੋਈ ਭੁਗਤਾਨ ਨਹੀਂ ਕੀਤਾ ਹੈ। ਅਗੰਮਪੁਰ ਪੁਲ ਦੇ ਪਿੱਲਰਾਂ ਦੇ ਆਲੇ-ਦੁਆਲੇ ਸੁਰੱਖਿਆ ਦਾ ਕੰਮ ਅਜੇ ਵੀ ਚੱਲ ਰਿਹਾ ਹੈ।  ਠੇਕੇਦਾਰ ਆਪਣੇ ਖਰਚੇ 'ਤੇ ਨੁਕਸਾਨ ਦੀ ਮੁਰੰਮਤ ਕਰੇਗਾ।

ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਸੂਬੇ ਦੀਆਂ ਨਦੀਆਂ ਵਿੱਚੋਂ ਗਾਦ ਕੱਢਣ ਦੀ ਨੀਤੀ ਨਿਆਂਇਕ ਜਾਂਚ ਦੇ ਘੇਰੇ ਵਿੱਚ ਹੈ।