ਮੰਗ ਪੱਤਰ ਸੌਂਪਿਆ .
*ਵਾਰਡ ਨੰਬਰ 9 ਦੇ ਸੀਵਰੇਜ ਸੰਕਟ ਖ਼ਿਲਾਫ਼ ਨਗਰ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ*
ਖੰਨਾ, 16 ਜੂਨ (ਮਨਜੀਤ ਸਿੰਘ ਧੀਮਾਨ )----ਵਾਰਡ ਨੰਬਰ 9 ਦੀ ਨਵ-ਨਿਰਵਾਚਿਤ ਕੌਂਸਲਰ ਕਿਰਨ ਬਾਲਾ ਨਾਗਪਾਲ, ਸਾਬਕਾ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਅਤੇ ਇਲਾਕਾ ਨਿਵਾਸੀਆਂ ਦੇ ਵਫ਼ਦ ਨੇ ਅੱਜ ਗੁਰੂ ਗੋਬਿੰਦ ਸਿੰਘ ਨਗਰ, ਗੁਰੂ ਨਾਨਕ ਨਗਰ, ਕਬਜ਼ਾ ਫੈਕਟਰੀ ਰੋਡ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਸਬੰਧੀ ਇੱਕ ਵਿਸਥਾਰਪੂਰਵਕ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪਿਆ।
ਇਹ ਮੰਗ ਪੱਤਰ ਉਪ ਮੰਡਲ ਮੈਜਿਸਟ੍ਰੇਟ ਮੈਡਮ ਸ਼ਿਵਾਤੀ ਤਿਵਾਣਾ (ਪੀ.ਸੀ.ਐਸ.), ਐਸ.ਡੀ.ਐਮ. ਖੰਨਾ, ਐਸ.ਜੀ.ਐਮ. ਦਫ਼ਤਰ ਦੇ ਸੁਪਰਡੈਂਟ . ਹਰਵਿੰਦਰ ਸਿੰਘ ਅਤੇ ਨਗਰ ਕੌਂਸਲ ਖੰਨਾ ਦੇ ਕਾਰਜਸਾਧਕ ਅਫ਼ਸਰ ਸ੍ਰੀ: ਚਰਨਜੀਤ ਸਿੰਘ ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ ਇਲਾਕੇ ਦੀਆਂ ਉਹ ਤਸਵੀਰਾਂ ਵੀ ਸੌਂਪੀਆਂ ਗਈਆਂ ਜਿਨ੍ਹਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ, ਕੂੜਾ-ਕਰਕਟ, ਜੰਗਲੀ ਬੂਟੀਆਂ ਅਤੇ ਗੰਦਗੀ ਕਾਰਨ ਬਣੀ ਦਯਨੀਆ ਸਥਿਤੀ ਸਪੱਸ਼ਟ ਨਜ਼ਰ ਆ ਰਹੀ ਹੈ।ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਲੰਬੇ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਅਤੇ ਗੰਦਗੀ ਕਾਰਨ ਇਲਾਕੇ ਵਿੱਚ ਲੀਵਰ ਰੋਗ, ਚਮੜੀ ਰੋਗ ਅਤੇ ਵੱਖ-ਵੱਖ ਇਨਫੈਕਸ਼ਨਾਂ ਦਾ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਨਗਰ ਨਿਵਾਸੀਆਂ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੋਈਆਂ ਕਈ ਮੌਤਾਂ ਕਾਰਨ ਲੋਕਾਂ ਵਿੱਚ ਪੈਦਾ ਹੋਏ ਡਰ ਅਤੇ ਰੋਸ ਬਾਰੇ ਵੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ।ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਨਗਰ ਕੌਂਸਲ ਖੰਨਾ ਅਤੇ ਸਰਕਾਰ ਖ਼ਿਲਾਫ਼ ਪੱਕਾ ਧਰਨਾ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ, ਜੋ ਸਮੱਸਿਆ ਦੇ ਸਥਾਈ ਹੱਲ ਤੱਕ ਜਾਰੀ ਰਹੇਗਾ। ਮੰਗ ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇਕਰ ਗੰਦਗੀ ਅਤੇ ਸੀਵਰੇਜ ਦੀ ਸਮੱਸਿਆ ਕਾਰਨ ਕੋਈ ਮਹਾਂਮਾਰੀ ਫੈਲਦੀ ਹੈ ਜਾਂ ਕਿਸੇ ਨਾਗਰਿਕ ਦੀ ਜਾਨ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਦੀ ਹੋਵੇਗੀ।ਮੰਗ ਪੱਤਰ ਨਾਲ ਸੈਂਕੜੇ ਇਲਾਕਾ ਨਿਵਾਸੀਆਂ ਦੇ ਦਸਤਖ਼ਤ ਅਤੇ ਮੌਕੇ ਦੀਆਂ ਤਸਵੀਰਾਂ ਵੀ ਨੱਥੀ ਕੀਤੀਆਂ ਗਈਆਂ ਹਨ। ਇਸ ਮੌਕੇ ਡਾ. ਲਛਮਣ ਸਿੰਘ, . ਰਣਜੋਧ ਸਿੰਘ, ਮੁਕੇਸ਼ ਸ਼ਰਮਾ, . ਨਰਿੰਦਰ ਸਿੰਘ, . ਜਸਕਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।
*ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਵਿੱਚ* ਡੀ-ਸਿਲਟਿੰਗ ਅਤੇ ਹੋਰ ਲੋੜੀਂਦੇ ਕੰਮ ਜਲਦ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਵੱਲੋਂ ਮੌਕੇ 'ਤੇ ਹੀ ਸੰਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ ਗਏ।
ਜ਼ਿਕਰਯੋਗ ਹੈ ਕਿ ਇਸ ਮੰਗ ਪੱਤਰ ਦੀਆਂ ਕਾਪੀਆਂ ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ, ਡਿਪਟੀ ਕਮਿਸ਼ਨਰ ਲੁਧਿਆਣਾ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਖੰਨਾ, ਸੈਨੀਟੇਸ਼ਨ ਵਿਭਾਗ ਖੰਨਾ ਅਤੇ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਨੂੰ ਵੀ ਭੇਜੀਆਂ ਜਾ ਰਹੀਆਂ ਹਨ ਤਾਂ ਜੋ ਸਮੱਸਿਆ ਦਾ ਜਲਦ ਅਤੇ ਸਥਾਈ ਹੱਲ ਯਕੀਨੀ ਬਣਾਇਆ ਜਾ ਸਕੇ।
