ਪਰ-ਹੀਣ ਪਰਿੰਦੇ .

ਪ੍ਰਵਾਸੀ ਪੰਜਾਬੀ ਲੇਖਿਕਾ ਪਰਵੇਜ਼ ਸੰਧੂ ਦਾ ਸੱਜਰਾ ਕਹਾਣੀ ਸੰਗ੍ਰਹਿ “ਪਰ - ਹੀਣ ਪਰਿੰਦੇ” ਪ੍ਰਦੇਸ਼ਾਂ ਵਿੱਚ ਬੁਢਾਪੇ ਦਾ ਸ਼ੀਸ਼ਾ: ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾ, 16 ਜੂਨ (ਮਨਜੀਤ ਸਿੰਘ ਧੀਮਾਨ) : ਵੈਲਹਿੰਗਮ (ਅਮਰੀਕਾ) ਵੱਸਦੀ ਸਮਰੱਥ ਕਹਾਣੀ ਲੇਖਿਕਾ ਪਰਵੇਜ਼ ਸੰਧੂ ਦਾ ਸਵੀਨਾ ਪ੍ਰਕਾਸ਼ਨ ਕੈਲੇਫੋਰਨੀਆ(ਅਮਰੀਕਾ) ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੇ ਸੱਜਰੇ ਕਹਾਣੀ ਸੰਗ੍ਰਹਿ “ਪਰ -ਹੀਣ ਪਰਿੰਦੇ “ ਨੂੰ ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪਰਵੇਜ਼ ਦਾ ਇਹ ਸੱਜਰਾ ਕਹਾਣੀ ਸੰਗ੍ਰਹਿ ਸਾਨੂੰ ਪ੍ਰਦੇਸ਼ਾਂ ਵਿੱਚ ਜੀਅ ਰਹੇ ਬਜ਼ੁਰਗਾਂ ਦੀ ਪਿਛਲੀ ਉਮਰ ਦੇ ਸੰਘਰਸ਼  ਦਾ ਸ਼ੀਸ਼ਾ ਵਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਪਰਵੇਜ਼ ਇਸ ਤੋਂ ਪਹਿਲਾਂ ਛਪੇ ਕਹਾਣੀ ਸੰਗ੍ਰਹਿ  “ਮੁੱਠੀ ਭਰ ਸੁਪਨੇ,” “ਟਾਹਣੀਆਂ ਟੁੱਟੇ”, “ਕੋਡ ਬਲੂ” “ਬਲੌਰੀ ਅੱਖ ਵਾਲਾ ਮੁੰਡਾ”ਤੇ ਵਾਰਤਕ ਪੁਸਤਕ “ਕੰਙਣੀ” ਰਾਹੀਂ ਸਾਹਿੱਤ ਜਗਤ ਵਿੱਚ ਆਪਣਾ ਗਹਿਰ ਗੰਭੀਰਾ ਅਕਸ ਬਣਾ ਚੁੱਕੀ ਹੈ। 
ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਵਿਸ਼ਵ ਪੰਜਾਬ ਭਵਨ ਦੇ ਵਿਹੜੇ ਵਿੱਚ ਹੋਈ ਇੱਕ ਪ੍ਰਭਾਵਸ਼ਾਲੀ ਇਕੱਤਰਤਾ ਵਿੱਚ ਪਰਵਾਸੀ ਪੰਜਾਬੀ ਕਹਾਣੀ ਦੇ ਸਥਾਪਿਤ ਨਾਮ ਪਰਵੇਜ਼ ਸੰਧੂ ਦੇ ਨਵਾਂ ਕਹਾਣੀ ਸੰਗ੍ਰਹਿ ‘ਪਰਹੀਣ ਪਰਿੰਦੇ’ ਬਾਰੇ ਪੰਜਾਬੀ ਕਵੀ ਤੇ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਸੰਵੇਦਨਾ ਦਾ ਮਨੁੱਖੀ ਸਰੂਪ ਵੇਖਣਾ ਹੋਵੇ ਤਾਂ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਪੰਜਾਬੀ ਕਵੀ ਮਨਜਿੰਦਰ ਧਨੋਆ ,ਤਰਲੋਚਨ ਲੌਚੀ, ਗੁਰਬੀਰ ਸਿੰਘ ਬਰਾੜ ਅਤੇ  ਵਿਸ਼ਵ ਪੰਜਾਬੀ ਸਭਾ ਦੇ ਭਾਰਤੀ ਇਕਾਈ ਪ੍ਰਧਾਨ ਸਿਫ਼ਰ ਸਤਬੀਰ ਸਿੰਘ ਨੇ ਸਾਂਝੇ ਤੌਰ 'ਤੇ ਨਿਭਾਈ।
ਸੁਰਤਿ ਮੈਗਜ਼ੀਨ ਦੇ ਸੰਪਾਦਕ ਅਤੇ ਗੁਰੂ ਨਾਨਕ ਕਾਲਿਜ ਬਟਾਲਾ ਦੇ ਪੰਜਾਬੀ ਵਿਭਾਗ ਦੇ ਅਸੋਸੀਏਟ ਪ੍ਰੋਫੈਸਰ ਡਾ.  ਗੁਰਬੀਰ ਸਿੰਘ ਬਰਾੜ ਨੇ ਦੱਸਿਆ ਕਿ  ਪਰਵੇਜ਼ ਸੰਧੂ ਦੀਆਂ ਕਹਾਣੀਆਂ ਸਰਲ ਤੇ ਤਾਜ਼ਾ ਸ਼ੈਲੀ ਛੋਟੀਆਂ-ਛੋਟੀਆਂ ਘਟਨਾਵਾਂ ਵਿੱਚੋਂ ਵੱਡੀਆਂ ਭਾਵਨਾਤਮਕ ਸੱਚਾਈਆਂ ਸਿਰਜਦੀਆਂ ਹਨ। ਉਨ੍ਹਾਂ ਦੀ ਰੌਚਿਕ ਤੇ ਬਿਹਤਰੀਨ ਪਾਤਰ-ਸਿਰਜਣਾ ਪਾਠਕ ਨੂੰ ਉਂਗਲ ਲਾ ਕੇ ਆਪਣੇ ਨਾਲ ਤੋਰ ਲੈਂਦੀ ਹੈ। ਤ੍ਰੈਲੋਚਨ ਲੋਚੀ ਨੇ ਵਿਸ਼ੇਸ਼ ਤੌਰ 'ਤੇ ਰੇਖਾਂਕਿਤ ਕੀਤਾ ਕਿ ਇਹ ਪੁਸਤਕ ਔਰਤ ਦ੍ਰਿਸ਼ਟੀਕੋਣ ਤੋਂ ਅਮਰੀਕਾ ਵੱਸਦੇ ਪੰਜਾਬੀਆਂ ਦੇ ਸੱਭਿਆਚਾਰਕ ਟਕਰਾਅ, ਨਰਸਿੰਗ ਹੋਮਜ਼ ਦੀ ਇਕੱਲਤਾ, ਬੁਢਾਪੇ ਦੀ ਬੇਵੱਸੀ, ਜਾਅਲੀ ਚਿੱਠੀਆਂ ਦੇ ਪ੍ਰਸੰਗ, ਰਿਸ਼ਤਿਆਂ ਦੇ ਨਿਘਾਰ ਅਤੇ ਸਮਾਜ ਦੀ ਦੋਹਰੀ ਸੋਚ ਵਰਗੇ ਮਾਨਸਿਕ ਦਵੰਦਾਂ ਨੂੰ ਬੇਹੱਦ ਸੰਵੇਦਨਸ਼ੀਲਤਾ ਨਾਲ ਬੇਨਕਾਬ ਕਰਦੀ ਹੈ, ਜਦਕਿ ‘ਗੌਡੈੱਸ’ ਅਤੇ ‘ਸ਼ਹਿਨਸ਼ਾਹ’ (ਡਾਊਨ ਸਿੰਡਰੋਮ ਪੀੜਤ ਬੱਚੇ ਦੇ ਪ੍ਰਸੰਗ) ਵਰਗੀਆਂ ਕਹਾਣੀਆਂ ਰਾਹੀਂ ਦੌਲਤ ਨਾਲੋਂ ਸੱਚੇ ਤੇ ਨਿਰਸਵਾਰਥ ਰੂਹਾਨੀ ਪਿਆਰ ਦੀ ਸਰਵਉੱਚਤਾ ਨੂੰ ਬਾਖ਼ੂਬੀ ਉਭਾਰਿਆ ਗਿਆ ਹੈ।
ਵਿਸ਼ਵ ਪੰਜਾਬੀ ਸਭਾ ਦੇ ਕੌਮੀ ਪ੍ਰਧਾਨ ਸਿਫਰ ਸਤਬੀਰ ਸਿੰਘ ਨੇ ਸਭ ਲੇਖਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਵਿਸ਼ਵ ਪੰਜਾਬੀ ਭਵਨ ਅੰਮ੍ਰਿਤਸਰ ਦੇ ਵਿਹੜੇ ਚਰਨ ਪਾਏ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਇਹ ਫੇਰੀ ਸਾਡੇ ਲਈ ਇਸ ਕਰਕੇ ਉਤਸ਼ਾਹ ਵਧਾਉਣ ਵਾਲੀ ਹੈ ਕਿਉਂਕਿ ਉਨ੍ਹਾਂ ਦੀ ਪ੍ਰੇਰਨਾ ਤੇ ਡਾ. ਦਲਬੀਰ ਸਿੰਘ ਕਥੂਰੀਆ ਜੀ ਦੀ ਅਗਵਾਈ ਹੇਠ ਹੀ ਇਸ ਭਵਨ ਦੀ ਉਸਾਰੀ ਕੀਤੀ ਗਈ ਹੋ। ਵਿਸ਼ਵ ਪੰਜਾਬੀ ਸਭਾ ਵੱਲੋਂ ਆਏ ਮਹਿਮਾਨ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ।