ਵੱਡਾ ਕਦਮ.

ਫਿਰੋਜ਼ਪੁਰ-ਫਾਜ਼ਿਲਕਾ ਸੜਕ ਨੂੰ ਰਾਸ਼ਟਰੀ ਰਾਜਮਾਰਗ ਬਣਾਉਣ ਵੱਲ ਵੱਡਾ ਕਦਮ, ਡੀ.ਪੀ.ਆਰ. ਤਿਆਰ ਕਰਨ ਦੇ ਨਿਰਦੇਸ਼

ਫਿਰੋਜ਼ਪੁਰ। ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਵੱਲੋਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ਨੂੰ ਚਾਰ ਮਾਰਗੀ (ਫੋਰ ਲੇਨ) ਬਣਾਉਣ ਅਤੇ ਇਸ ਨੂੰ ਰਾਸ਼ਟਰੀ ਰਾਜਮਾਰਗ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਦੇ ਨਿੱਜੀ ਸਕੱਤਰ ਪਵਨ ਯਾਦਵ ਵੱਲੋਂ ਭੇਜੇ ਗਏ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਮਾਰਗ ਦੀ ਤਕਨੀਕੀ ਸਮੀਖਿਆ ਕਰ ਲਈ ਹੈ।

ਪੱਤਰ ਅਨੁਸਾਰ ਰਾਸ਼ਟਰੀ ਸੁਰੱਖਿਆ, ਰਣਨੀਤਿਕ ਮਹੱਤਤਾ ਅਤੇ ਵੱਧ ਰਹੇ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧੀਕਰਨ (NHAI) ਨੂੰ ਇਸ ਸੜਕ ਖੰਡ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡੀ.ਪੀ.ਆਰ. ਪੂਰੀ ਹੋਣ ਉਪਰੰਤ ਪ੍ਰੋਜੈਕਟ ‘ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ ਜੋੜਨ ਵਾਲਾ ਇੱਕ ਮਹੱਤਵਪੂਰਨ ਰਸਤਾ ਹੈ। ਸੜਕ ਦੇ ਤੰਗ ਹੋਣ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਹਾਲ ਹੀ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ 10 ਲੋਕਾਂ ਦੀ ਮੌਤ ਨੇ ਇਸ ਮਾਰਗ ਦੇ ਵਿਸਥਾਰ ਦੀ ਲੋੜ ਨੂੰ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੜਕ ਚੌੜੀ ਹੋਣ ਨਾਲ ਨਾ ਸਿਰਫ਼ ਹਾਦਸਿਆਂ ਵਿੱਚ ਕਮੀ ਆਵੇਗੀ, ਸਗੋਂ ਖੇਤਰ ਦੇ ਵਪਾਰ, ਸੈਰ-ਸਪਾਟੇ ਅਤੇ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।

ਰਾਣਾ ਸੋਢੀ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸਰਹੱਦੀ ਖੇਤਰ ਦੇ ਲੋਕਾਂ ਲਈ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ।