ਚਿੱਟੇ ਦਿਨ ਲੁਟੇਰਿਆਂ ਨੇ ਕੀਤਾ ਸੁਨਿਆਰੇ ਤੇ ਹਮਲਾ.
ਬੰਧਕ ਬਣਾ ਕੇ ਲੁੱਟਿਆ ਸੋਨਾ-ਚਾਂਦੀ ਤੇ ਲਾਇਸੈਂਸੀ ਪਿਸਤੌਲ
ਪੁਲਿਸ ਖੰਗਾਲ ਰਹੀ CCTV ਕੈਮਰਿਆਂ ਦੀ ਫੁਟੇਜ
ਲੁਧਿਆਣਾ (ਅਭਿਸ਼ੇਕ) ਉਦਯੋਗਿਕ ਖੇਤਰ ਵਿੱਚ ਬੇਖੌਫ਼ ਲੁਟੇਰਿਆਂ ਨੇ ਚਿੱਟੇ ਦਿਨ ਇੱਕ ਜਵੇਲਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਹਿਰ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੋ ਨਕਾਬਪੋਸ਼ ਬਦਮਾਸ਼ ਗਾਹਕ ਬਣ ਕੇ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਕੁਝ ਹੀ ਮਿੰਟਾਂ ਵਿੱਚ ਦੁਕਾਨਦਾਰ ਨੂੰ ਬੰਧਕ ਬਣਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਸੋਨਾ-ਚਾਂਦੀ, ਮੋਬਾਈਲ ਫੋਨ ਅਤੇ ਲਾਇਸੈਂਸੀ ਪਿਸਤੌਲ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਏਟੀਆਈ ਰੋਡ ਸਥਿਤ ਇੱਕ ਜਵੇਲਰੀ ਸ਼ਾਪ ਵਿੱਚ ਦੁਪਹਿਰ ਕਰੀਬ 12 ਵਜੇ ਵਾਪਰੀ। ਦੋਵੇਂ ਲੁਟੇਰੇ ਪਹਿਲਾਂ ਗਾਹਕ ਬਣ ਕੇ ਦੁਕਾਨ ਵਿੱਚ ਆਏ ਅਤੇ ਕੁਝ ਸਮਾਂ ਰੇਕੀ ਕਰਨ ਤੋਂ ਬਾਅਦ ਅਚਾਨਕ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ। ਇੱਕ ਬਦਮਾਸ਼ ਦੇ ਹੱਥ ਵਿੱਚ ਪਿਸਤੌਲ ਸੀ ਜਦਕਿ ਦੂਜੇ ਕੋਲ ਤੇਜ਼ਧਾਰ ਹਥਿਆਰ ਸੀ।
ਲੁਟੇਰਿਆਂ ਨੇ ਦੁਕਾਨਦਾਰ ਰਣਜੀਤ ਸਿੰਘ ਨੂੰ ਕਾਬੂ ਕਰਕੇ ਸਟਰਾਂਗ ਰੂਮ ਤੱਕ ਧੱਕੇ ਨਾਲ ਲੈ ਜਾ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਸ ‘ਤੇ ਕਈ ਵਾਰ ਚਾਕੂ ਨਾਲ ਹਮਲਾ ਵੀ ਕੀਤਾ ਗਿਆ। ਜਖ਼ਮੀ ਹਾਲਤ ਵਿੱਚ ਖੂਨ ਨਾਲ ਲਥਪਥ ਰਣਜੀਤ ਸਿੰਘ ਨੂੰ ਤੁਰੰਤ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਢੱਕੇ ਹੋਏ ਸਨ ਬਦਮਾਸ਼ਾਂ ਦੇ ਚਿਹਰੇ
ਪੀੜਤ ਦੇ ਚਚੇਰੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਬਦਮਾਸ਼ਾਂ ਨੇ ਚਿਹਰੇ ਢੱਕੇ ਹੋਏ ਸਨ ਅਤੇ ਉਹ ਪਹਿਲਾਂ ਤੋਂ ਹੀ ਵਾਰਦਾਤ ਦੀ ਯੋਜਨਾ ਬਣਾਕੇ ਆਏ ਲੱਗਦੇ ਸਨ। ਲੁਟੇਰੇ ਦੁਕਾਨ ਵਿੱਚੋਂ ਸੋਨਾ-ਚਾਂਦੀ ਦੇ ਗਹਿਣਿਆਂ ਦੇ ਨਾਲ ਮੋਬਾਈਲ ਫੋਨ ਅਤੇ ਚਾਰ ਦਿਨ ਪਹਿਲਾਂ ਖਰੀਦੀ ਲਾਇਸੈਂਸੀ ਪਿਸਤੌਲ ਵੀ ਲੈ ਗਏ।
ਘਟਨਾ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੁਕਾਨ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਹੋਈ ਸੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
