ਨੌਜਵਾਨਾਂ ਨੇ ਖੇਡ ਗਰਾਊਂਡ ਅਤੇ ਫਿਰਨੀ ਦੇ ਦਰੱਖਤਾਂ ਤੇ ਪੌਦਿਆਂ ਨੂੰ ਦਿੱਤਾ ਪਾਣੀ.


*ਅੰਤਾਂ ਦੀ ਗਰਮੀ ’ਚ ਇਨਸਾਨਾਂ ਵਾਂਗ ਹੀ ਦੇਖਭਾਲ ਚਾਹੁੰਦੇ ਨੇ ਰੁੱਖ : ਕੈਂਥ
ਭਾਮੀਆਂ ਕਲਾਂ, 22 ਮਈ (ਜਿੰਮੀ ਭਾਮੀਆਂ) - ਅੰਤਾਂ ਦੀ ਪੈ ਰਹੀ ਗਰਮੀ ਕਾਰਨ ਜਿਥੇ ਇਨਸਾਨਾਂ, ਜੀਵ-ਜੰਤੂਆਂ ਅਤੇ ਪਸ਼ੂਆਂ-ਜਾਨਵਰਾਂ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਇਸ ਝੁਲਸਾ ਦੇਣ ਵਾਲੀ ਤੇਜ਼ ਧੁੱਪ ਕਾਰਨ ਦਰੱਖਤਾਂ ਅਤੇ ਪੌਦਿਆਂ ਨੂੰ ਵੀ ਇਨਸਾਨਾਂ ਵਾਂਗ ਦੇਖਭਾਲ ਦੀ ਲੋੜ ਮਹਿਸੂਸ ਹੋ ਰਹੀ ਹੈ। ਦਰੱਖਤਾਂ ਅਤੇ ਪੌਦਿਆਂ ਦੀ ਇਸੇ ਜਰੂਰਤ ਨੂੰ ਸਮਝਦੇ ਹੋਏ ਪਿੰਡ ਭਾਮੀਆਂ ਕਲਾਂ ਦੇ ਨੌਜਵਾਨਾਂ ਨੇ ਹੰਭਲਾ ਮਾਰਦੇ ਹੋਏ ਪਿੰਡ ਦੀ ਖੇਡ ਗਰਾਊਂਡ ਅਤੇ ਫਿਰਨੀ ਉਪਰ ਲੱਗੇ ਹੋਏ ਦਰਖੱਤਾਂ ਦੀ ਦੇਖਭਾਲ ਕਰਦੇ ਹੋਏ ਉਨ੍ਹਾਂ ਨੂੰ ਪਾਣੀ ਦਿੱਤਾ। ਨੌਜਵਾਨ ਸਭਾ ਦੇ ਮੈਂਬਰਾਂ ਅੰਮ੍ਰਿਤਪਾਲ ਸਿੰਘ ਬੰਟੀ, ਸਤਨਾਮ ਸਿੰਘ ਸੱਤਾ, ਹਰਿੰਦਰ ਸਿੰਘ, ਜੱਸਾ ਬਾਬਾ, ਸਰਬਜੀਤ ਸਿੰਘ ਜੰਟਾ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਸਮਾਜ ਸੇਵੀ ਅਤੇ ਸੇਵਾਮੁਕਤ ਬੈਂਕ ਮੈਨੇਜਰ ਜਗਤਾਰ ਸਿੰਘ ਕੈਂਥ, ਗੁਰਮੇਲ ਸਿੰਘ ਚੀਮਾ ਨੇ ਪਾਣੀ ਦੇ ਟੈਂਕਰ ਰਾਹੀਂ ਸਾਰੇ ਵੱਡੇ ਦਰੱਖਤਾਂ ਅਤੇ ਛੋਟੇ ਪੌਦਿਆਂ ਨੂੰ ਪਾਣੀ ਪਾਉਂਦੇ ਹੋਏ ਅੰਤਾਂ ਦੀ ਗਰਮੀ ’ਚ ਝੁਲਸੇ ਹੋਏ ਪੱਤਿਆਂ ਉਪਰ ਵੀ ਪਾਣੀ ਦਾ ਛਿੜਕਾਅ ਕੀਤਾ। ਸੇਵਾਮੁਕਤ ਬੈਂਕ ਮੈਨੇਜਰ ਜਗਤਾਰ ਸਿੰਘ ਕੈਂਥ ਨੇ ਕਿਹਾ ਕਿ ਜਿਥੇ ਅੰਤਾਂ ਦੀ ਪੈ ਰਹੀ ਗਰਮੀ ਕਾਰਨ ਇਨਸਾਨਾਂ ਦਾ ਜੀਵਨ ਔਖਾ ਹੋਇਆ ਪਿਆ ਹੈ, ਉਥੇ ਹੀ ਰੁੱਖ ਵੀ ਇਨਸਾਨਾਂ ਵਾਂਗ ਹੀ ਦੇਖਭਾਲ ਚਾਹੁੰਦੇ ਹਨ, ਕਿਉਂਕਿ ਇਨ੍ਹਾਂ ਰੁੱਖਾਂ ਕਾਰਨ ਹੀ ਇਨਸਾਨੀ ਜੀਵਨ ਸੰਭਵ ਹੈ। ਨੌਜਵਾਨਾਂ ਦੇ ਇਸ ਉਪਰਾਲੇ ਲਈ ਸਾਰੇ ਇਲਾਕਾ ਨਿਵਾਸੀਆਂ ਨੇ ਸ਼ਲਾਘਾ ਕੀਤੀ।