ਕੌਰਟ ਫੀਸ ਟਿਕਟਾਂ ਨਾ ਮਿਲਣ ਕਾਰਨ ਖੱਜਲ ਖੁਆਰੀ.

ਤਹਿਸੀਲ ਖੰਨਾ 'ਚ ਕੋਰਟ ਫ਼ੀਸ ਟਿਕਟਾਂ ਨਾ ਮਿਲਣ ਕਾਰਨ ਲੋਕ ਨਿੱਤ ਹੁੰਦੇ ਨੇ  ਖੱਜਲ ਖੁਆਰ : ਬੈਨੀਪਾਲ 

ਖੰਨਾ,  22 ਮਈ (ਮਨਜੀਤ ਸਿੰਘ ਧੀਮਾਨ) : ਪੰਜਾਬ ਦੇ ਲੋਕ ਜਦੋ ਵੀ ਆਪਣਾ ਕੋਈ ਸਰਕਾਰੀ ਕੰਮ ਤਹਿਸੀਲ ਜਾਂ ਅਦਾਲਤਾਂ 'ਚ ਕਰਵਾਉਣ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਲੋਕਾਂ ਨੂੰ ਕੋਰਟ ਫ਼ੀਸ ਟਿਕਟਾਂ ਦੀ ਲੋੜ ਪੈਂਦੀ ਹੈ ਇਹਨਾਂ ਕੋਰਟ ਫੀਸ ਟਿਕਟਾਂ ਤੋ ਸਰਕਾਰ ਨੂੰ ਰੋਜ਼ਾਨਾ ਲੱਖਾਂ ਦੀ ਆਮਦਨ ਹੁੰਦੀ ਹੈ ਜੇਕਰ ਕੋਰਟ ਫੀਸ ਟਿਕਟਾਂ ਲੋਕਾਂ ਨੂੰ ਸਮੇਂ ਸਿਰ ਨਾ ਮਿਲਣ ਤਾਂ ਲੋਕਾਂ ਦੇ ਕੰਮ ਅਧੂਰੇ ਰਹਿ ਜਾਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ  ਤਹਿਸੀਲ ਵਿੱਚ ਖੰਨਾ ਸ਼ਹਿਰ ਦੇ 33 ਵਾਰਡ ਅਤੇ 67 ਪਿੰਡ ਪੈਦੇ ਹਨ ਜਿਸ ਕਰਕੇ ਲੋਕਾਂ ਦਾ ਤਹਿਸੀਲ ਕੰਪਲੈਕਸ ਵਿੱਚ ਆਪਣੇ ਕੰਮਕਾਜ ਲਈ ਆਉਣਾ ਜਾਣਾ ਰਹਿੰਦਾ ਹੈ।
    ਬੈਨੀਪਾਲ ਨੇ ਕਿਹਾ ਕਿ ਤਹਿਸੀਲ ਖੰਨਾ 'ਚ ਪਿਛਲੇ 2 ਮਹੀਨਿਆਂ ਤੋਂ ਕੋਰਟ ਫ਼ੀਸ ਟਿਕਟਾਂ ਨਾ ਮਿਲਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਜਿਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਜ਼ੁਬਾਨੀ ਤੌਰ ਤੇ ਜਾਣੂ ਕਰਵਾਇਆ ਗਿਆ  ਪਰੰਤੂ ਪ੍ਰਸ਼ਾਸਨ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ। ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕੋਰਟ ਫੀਸ ਟਿਕਟਾਂ ਤਪਦੀ  ਧੁੱਪ  ਵਿੱਚ ਜਾਕੇ ਤਹਿਸੀਲ ਅਮਲੋਹ ਤੋਂ ਲਿਆਉਣੀਆਂ ਪੈਂਦੀਆਂ ਹਨ। ਜਿਸ ਨਾਲ ਲੋਕਾਂ ਦਾ ਭਾਰੀ ਵਿੱਤੀ ਨੁਕਸਾਨ ਹੁੰਦਾ ਹੈ। ਬੈਨੀਪਾਲ ਨੇ ਦੱਸਿਆ ਕਿ ਜਦੋ ਕੋਰਟ ਫੀਸ ਟਿਕਟਾਂ ਬਾਰੇ ਤਹਿਸੀਲ ਖੰਨਾ ਦੇ ਅਸ਼ਟਾਮ ਫਰੋਸ਼ਾਂ ਤੋਂ ਪੁੱਛਿਆ ਤਾਂ ਅਸ਼ਟਾਮ ਫਰੋਸ਼ਾਂ  ਕਿਹਾ ਸਾਡੇ ਲਾਇਸੰਸ ਰੀਨਿਊ ਕਰਵਾਉਣ ਲਈ 31 ਮਾਰਚ ਤੋਂ ਪਹਿਲਾਂ ਦੇ ਦਿੱਤੇ ਹੋਏ ਹਨ ਜੋ ਅੱਜ ਤੱਕ ਰੀਨਿਊ ਨਹੀਂ ਹੋਏ ਜਿਸ ਕਰਕੇ ਖਜ਼ਾਨਾ ਦਫਤਰ ਵੱਲੋਂ ਸਾਨੂੰ ਕੋਰਟ ਫੀਸ ਟਿਕਟਾਂ ਤੇ ਕੋਰਟ ਫੀਸ ਨਹੀਂ ਮਿਲ ਰਹੀ।ਜਦੋ ਇਸ ਸਬੰਧੀ ਖਜ਼ਾਨਾ ਅਫ਼ਸਰ ਮਨਮੀਤ ਭੱਲਾ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਅਸ਼ਟਾਮ ਫਰੋਸ਼ਾਂ ਦੇ ਲਾਇਸੰਸ ਰੀਨਿਊ ਨਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ ਖਜ਼ਾਨਾ ਅਫ਼ਸਰ ਨੇ ਕਿਹਾ ਖ਼ਜ਼ਾਨੇ ਵਿੱਚ ਕੋਰਟ ਫੀਸ ਟਿਕਟਾਂ ਦਾ ਸਟਾਕ ਵਾਧੂ ਪਿਆ ਹੈ ।
ਬੈਨੀਪਾਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਤੋ ਮੰਗ ਕੀਤੀ ਹੈ ਕਿ ਤਹਿਸੀਲ ਖੰਨਾ ਦੇ ਅਸ਼ਟਾਮ ਫਰੋਸ਼ਾਂ ਦੇ ਲਾਇਸੰਸ ਜਲਦੀ ਰੀਨਿਊ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤਾਂ ਜੋਕਿ ਲੋਕ ਆਏ ਦਿਨ ਖੱਜਲ ਖੁਆਰ ਨਾ ਹੋਣ ਸਕਣ। ਇਸ ਮੌਕੇ ਪਿਆਰਾ ਸਿੰਘ ਕੌੜੀ, ਐਡਵੋਕੇਟ ਰਵਿੰਦਰ ਕੁਮਾਰ ਰਿਖੀ, ਐਡਵੋਕੇਟ ਵਿਪਨ ਰਿਖੀ, ਐਡਵੋਕੇਟ ਅਸ਼ੋਕ ਗਰਗ, ਰਣਜੀਤ ਸਿੰਘ ਰਹੌਣ, ਇਕਬਾਲ ਸਿੰਘ ਬੀਜਾਂ ਆਦਿ ਹਾਜ਼ਰ ਸਨ।