ਸ੍ਰੀਨਗਰ ਵਿਖੇ ਸ਼ਹੀਦੀ ਸਮਾਗਮ 7 ਜੂਨ ਨੂੰ.
*ਜੂਨ 84 ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ 7 ਜੂਨ ਨੂੰ ਸ੍ਰੀਨਗਰ ਵਿਖ਼ੇ*
*ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ - ਭਾਈ ਖਾਲਸਾ*
ਲੁਧਿਆਣਾ (ਬਲਜੀਤ ਸਿੰਘ ਬੀਤਾ): ਜੂਨ 1984 ਦਾ ਸਾਕਾ ਨੀਲਾ ਤਾਰਾ ਸਿੱਖ ਕੌਮ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਅਧਿਆਇ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉੱਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ - ਜੂਨ ਨੂੰ ਗੁਰਦੁਆਰਾ ਸ਼ਹੀਦ ਬੁੰਗਾ ਸ੍ਰੀ ਨਗਰ (ਕਸ਼ਮੀਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਭਾਈ ਮੇਜਰ ਸਿੰਘ ਖਾਲਸਾ ਨੇ ਮੀਟਿੰਗ ਉਪਰੰਤ ਚੌਣਵੇਂ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ।
ਫੈਡਰੇਸ਼ਨ ਆਗੂ ਨੇ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਣਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਹਜ਼ਾਰਾਂ ਨਿਹੱਥੇ ਸ਼ਰਧਾਲੂਆਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਆਪਣੇ ਪ੍ਰਾਣ ਵਾਰ ਦਿੱਤੇ। ਉਨ੍ਹਾਂ ਦਾ ਖੂਨ ਅੱਜ ਵੀ ਕੌਮ ਨੂੰ ਜ਼ੁਲਮ ਖਿਲਾਫ ਲੜਨ ਦਾ ਸੁਨੇਹਾ ਦਿੰਦਾ ਹੈ।
ਇਸ ਮੌਕੇ ਫੇਡਰੇਸ਼ਨ ਦੇ ਸਕੱਤਰ ਜਨਰਲ ਭਾਈ ਬਲਜੀਤ ਸਿੰਘ ਬੀਤਾ ਨੇ ਕਿਹਾ ਕਿਹਾ ਕਿ ਸ੍ਰੀਨਗਰ ਦੀ ਧਰਤੀ ਦੀ ਚੋਣ ਇਸ ਲਈ ਕੀਤੀ ਗਈ ਕਿਉਂਕਿ ਕਸ਼ਮੀਰ ਵੀ ਦਹਾਕਿਆਂ ਤੋਂ ਜ਼ਬਰ ਦਾ ਸ਼ਿਕਾਰ ਰਿਹਾ ਹੈ। ਇੱਥੋਂ ਦੀ ਸਿੱਖ ਸੰਗਤ ਨੇ 1984 ਦੇ ਜ਼ਖਮਾਂ ਨੂੰ ਆਪਣੇ ਪਿੰਡੇ ਹੰਢਾਇਆ ਹੈ। ਸਮਾਗਮ ਦੌਰਾਨ ਕੀਰਤਨ, ਗੁਰਮਿਤ ਵਿਚਾਰਾਂ, ਅਰਦਾਸ ਅਤੇ ਸਮਾਪਤੀ ਉਪਰੰਤ ਕੌਮੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਵਿਦਵਾਨ ਬੁਲਾਰੇ ਸਾਕਾ ਨੀਲਾ ਤਾਰਾ ਦੇ ਕਾਰਨਾਂ ਅਤੇ ਦਿੱਲੀ ਦਰਬਾਰ ਦੀ ਸਿੱਖ-ਮਾਰੂ ਨੀਤੀ ਨੂੰ ਨੰਗਾ ਕਰਨਗੇ।
ਇਸ ਮੌਕੇ ਫੈਡਰੇਸ਼ਨ ਆਗੂਆਂ ਨੇ ਕਿਹਾ ਅਸੀਂ ਸਪੱਸ਼ਟ ਕਰਦੇ ਹਾਂ ਕਿ ਜੂਨ 1984 ਦਾ ਇਨਸਾਫ ਲੈ ਕੇ ਰਹਾਂਗੇ । ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਕੌਮ ਦਾ ਰੋਸ ਸ਼ਾਂਤ ਨਹੀਂ ਹੋਵੇਗਾ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਵੱਧ-ਚੜ੍ਹ ਕੇ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ । ਮੀਟਿੰਗ ਦੌਰਾਨ ਸਟੇਜ ਦੀ ਸੇਵਾ ਭਾਈ ਜਸਪਾਲ ਸਿੰਘ ਇਸਲਾਮ ਗੰਜ ਨੇ ਨਿਭਾਈ। ਮੀਟਿੰਗ ਵਿਚ ਭਾਈ ਅਮਰੀਕ ਸਿੰਘ ਖਾਲਸਾ, ਭਾਈ ਮਨਦੀਪ ਸਿੰਘ ਮੇਂਬਰ ਪੰਚ ਪ੍ਰਧਾਨੀ, ਭਾਈ ਸੰਦੀਪ ਸਿੰਘ, ਭਾਈ ਅਮਰਜੀਤ ਸਿੰਘ, ਹਰਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਮੀਤ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
