ਹੜਤਾਲੀ ਮਜ਼ਦੂਰਾਂ ਦੇ ਹੱਕ 'ਚ ਲੁਧਿਆਣਾ 'ਚ ਰੋਸ ਮੁਜ਼ਾਹਰਾ.

ਲੁਧਿਆਣਾ (ਗੀਤਾ ਸਕਸੈਨਾ) :ਉੱਤਰ ਪ੍ਰਦੇਸ਼, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਠ ਘੰਟੇ ਕੰਮ, ਢੁੱਕਵੀਂ ਤਨਖਾਹ ਅਤੇ ਹੋਰ ਮੰਗਾਂ ਲਈ ਜਾਰੀ ਮਜ਼ਦੂਰਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਅੱਜ ਲੁਧਿਆਣਾ ਦੇ ਸਮਰਾਲਾ ਚੌਕ ’ਤੇ ਰੋਸ ਮੁਜਾਹਰਾ ਕੀਤਾ ਗਿਆ। ਇਹ ਰੋਸ ਮੁਜਾਹਰਾ ਕਾਰਖ਼ਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੋਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਜੱਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਪੂਰੀ ਤਰ੍ਹਾਂ ਜਾਇਜ਼ ਮੰਗਾਂ ’ਤੇ ਜਾਰੀ ਸ਼ਾਂਤੀਪੂਰਨ ਹੜਤਾਲਾਂ ਨੂੰ ਕੁਚਲਣ ਦੀਆਂ ਕਾਰਵਾਈਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸੰਘਰਸ਼ਸੀਲ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਅੱਠ ਘੰਟੇ ਕੰਮ ਦੀ ਘੱਟੋ-ਘੱਟ ਤਨਖ਼ਾਹ 26,000 ਰੁਪਏ ਲਾਗੂ ਕੀਤੀ ਜਾਵੇ। ਦਿਹਾੜੀ-ਪੀਸ ਰੇਟ ਇਸੇ ਹਿਸਾਬ ਨਾਲ ਤੈਅ ਕੀਤੀ ਜਾਵੇ। ਔਰਤ ਮਜ਼ਦੂਰਾਂ ਨੂੰ ਬਰਾਬਰ ਕੰਮ ਦੀ ਬਰਾਬਰ ਤਨਖ਼ਾਹ ਮਿਲੇ। ਅੱਠ ਘੰਟੇ ਦਿਹਾੜੀ ਦਾ ਕਾਨੂੰਨ ਸਖ਼ਤੀ ਨਾਲ ਲਾਗੂ ਹੋਵੇ। ਜ਼ਬਰੀ ਓਵਰਟਾਈਮ ਬੰਦ ਹੋਵੇ। ਓਵਰਟਾਈਮ ਦਾ ਦੁੱਗਣਾ ਭੁਗਤਾਨ ਹੋਵੇ। ਹਫ਼ਤਾਵਾਰੀ ਅਤੇ ਹੋਰ ਛੁੱਟੀਆਂ ਲਾਗੂ ਕੀਤੀਆਂ ਜਾਣ। ਹੜਤਾਲਾਂ ਨੂੰ ਕੁਚਲਣ ਦੀਆਂ ਸਾਰੀਆਂ ਜਾਬਰ ਕਾਰਵਾਈਆਂ ਬੰਦ ਕੀਤੀਆਂ ਜਾਣ। ਗ੍ਰਿਫ਼ਤਾਰ ਮਜ਼ਦੂਰਾਂ, ਕਾਰਕੁਨਾਂ, ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸੰਘਰਸ਼ ’ਤੇ ਪਾਕਿਸਤਾਨੀ ਕਨੈਕਸ਼ਨ, ਦਹਿਸ਼ਤਗਰਦ ਕਨੈਕਸ਼ਨ ਆਦਿ ਝੂਠੇ ਦੋਸ਼ ਲਾਉਣੇ ਬੰਦ ਕੀਤੇ ਜਾਣ। ਥੋਪੇ ਗਏ ਸਾਰੇ ਨਾਜਾਇਜ਼ ਪੁਲੀਸ ਕੇਸ ਰੱਦ ਕੀਤੇ ਜਾਣ। ਠੇਕੇਦਾਰੀ, ਪੀਸ ਰੇਟ, ਦਿਹਾੜੀ ’ਤੇ ਕੰਮ ਕਰਨ ਵਾਲੇ ਕੱਚੇ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇ। ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਕੀਤਾ ਜਾਵੇ। ਹਾਦਸਿਆਂ ਤੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਹੋਣ। ਮਜ਼ਦੂਰਾਂ ਦੇ ਸਾਰੇ ਕਨੂੰਨੀ ਕਿਰਤ ਹੱਕ ਸਖ਼ਤੀ ਨਾਲ ਲਾਗੂ ਕੀਤੇ ਜਾਣ, ਕਿਰਤ ਕਨੂੰਨਾਂ ਵਿੱਚ ਮਜ਼ਦੂਰ-ਵਿਰੋਧੀ ਤਬਦੀਲੀਆਂ ਰੱਦ ਕੀਤੀਆਂ ਜਾਣ। ਮਹਿੰਗਾਈ ਘਟਾਉਣ ਲਈ ਸਰਕਾਰ ਢੁੱਕਵੇਂ ਕਦਮ ਚੁੱਕੇ।

ਰੋਸ ਮੁਜਾਹਰੇ ਨੂੰ ਕਾਰਖ਼ਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਟੈਕਸਟਾਈਲ-ਹੋਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਵਿਸ਼ਵਨਾਥ, ਨੌਜਵਾਨ ਭਾਰਤ ਸਭਾ ਦੀ ਆਗੂ ਰਵਿੰਦਰ ਕੌਰ ਨੇ ਸੰਬੋਧਨ ਕੀਤਾ। ਸਾਥੀ ਰਮੇਸ਼, ਮੌਸਮ, ਦਿਸ਼ਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੰਚ ਸੰਚਾਲਨ ਸਾਥੀ ਤਰਨਪ੍ਰੀਤ ਨੇ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ਸੀਲ ਮਜ਼ਦੂਰਾਂ ਦਾ ਸਾਥ ਦਿੰਦਿਆਂ ਬਾਕੀ ਮਜ਼ਦੂਰਾਂ ਨੂੰ ਵੀ ਸੰਘਰਸ਼ ਦੇ ਮੈਦਾਨ ਵਿੱਚ ਉਤਰਨਾ ਹੋਵੇਗਾ।