ਬਦਲ ਆਪਣੇ ਹਾਲਾਤਾਂ ਨੂੰ .
ਉੱਠ ਬਦਲ ਆਪਣੇ ਹਾਲਾਤਾਂ ਨੂੰ
ਨਾ ਦਫ਼ਨ ਕਰ ਆਪਣੇ ਜਜ਼ਬਾਤਾਂ ਨੂੰ
ਕਰ ਪੂਰੇ ਸੁਪਨੇ ਆਪਣੇ
ਦੇ ਨਵੀਂ ਦਿਸ਼ਾ ਆਪਣੀਆਂ ਪ੍ਰਭਾਤਾਂ ਨੂੰ
ਸੂਰਜ ਦੀ ਪਹਿਲੀ ਕਿਰਨ ਵਰਗੀ ਉਮੰਗ ਤੇਰੀ
ਜਾਰੀ ਰਹਿਣੀ ਚਾਹੀਦੀ ਏ ਜੰਗ ਤੇਰੀ
ਜੇ ਨਿਭ ਸਕਦਾ ਹੈ ਹਰ ਰਿਸ਼ਤਾ,
ਫਿਰ ਕਿਉਂ ਨਹੀਂ ਬਦਲ ਸਕਦਾ ਖਿਆਲਾਤਾਂ ਨੂੰ
ਮਘਦੇ ਚੰਗਿਆੜਿਆਂ ਨੂੰ ਦੇ ਹੋਰ ਰੌਸ਼ਨੀ
ਵੱਧ ਅੱਗੇ ਹੋਰ, ਨਾ ਵੇਖ ਪਿੱਛੇ
ਕਰ ਕੋਸ਼ਿਸ਼ ਬਦਲ ਜਾਣਗੇ ਮੌਸਮ
ਭਰ ਲੈ ਝੋਲੀ ਕੁਦਰਤ ਦੀਆਂ ਸੌਗਾਤਾਂ ਨੂੰ
ਸਮਾਂ ਹੋਵੇਗਾ ਤੇਰੀ ਮੁੱਠੀ ਵਿੱਚ
ਕਰ ਉੱਚੀ ਸੋਚ ਆਪਣੀ,
ਤੈਨੂੰ ਹੀ ਕਰਨਾ ਪੈਣਾ,
ਜੇ ਪਾਉਣਾ ਚਾਹੁੰਦਾ ਹੈਂ
ਉਸ ਦਾਤੇ ਦੀਆਂ ਦਾਤਾਂ ਨੂੰ
ਉੱਠ ਬਦਲ ਆਪਣੇ ਹਾਲਾਤਾਂ ਨੂੰ
ਨਾ ਦਫ਼ਨ ਕਰ ਆਪਣੇ ਜਜ਼ਬਾਤਾਂ ਨੂੰ
-ਡਾ. ਲਖਵਿੰਦਰ ਕੌਰ
