ਇਮਾਰਤਾਂ ਵਿੱਚ ਊਰਜਾ ਕੁਸ਼ਲਤਾ .



ਭਾਰਤ ਦੀਆਂ ਇਮਾਰਤਾਂ ਨੂੰ ਊਰਜਾ ਪੱਖੋਂ ਕੁਸ਼ਲ ਬਣਾਉਣ ਵਿੱਚ ਈਸੀਬੀਸੀ ਅਤੇ ਈਸੀਐਸਬੀਸੀ ਕੋਡ ਦੀ ਅਹਿਮ ਭੂਮਿਕਾ: ਆਰਕੀਟੈਕਟ ਸੰਜੇ ਗੋਇਲ

ਲੁਧਿਆਣਾ, 6 ਨਵੰਬਰ, 2026: ‘ਇਮਾਰਤਾਂ ਵਿੱਚ ਊਰਜਾ ਕੁਸ਼ਲਤਾ’ ਵਿਸ਼ੇ ’ਤੇ ਸਮਰੱਥਾ ਨਿਰਮਾਣ ਸਿਖਲਾਈ ਵਰਕਸ਼ਾਪ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਪੇਡਾ (ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ) ਦੇ ਦਫ਼ਤਰ ਵਿਖੇ ਕਰਵਾਈ ਗਈ। ਇਸ ਮੌਕੇ ਲੁਧਿਆਣਾ ਦੇ ਆਰਕੀਟੈਕਟ ਸੰਜੇ ਗੋਇਲ ਨੇ ‘ ਈਸੀਬੀਸੀ ਅਤੇ ਈਸੀਐਸਬੀਸੀ: ਭਾਰਤ ਦੀਆਂ ਇਮਾਰਤਾਂ ਵਿੱਚ ਊਰਜਾ ਕੁਸ਼ਲਤਾ – ਕੋਡ ਤੋਂ ਪਾਲਣਾ ਤੱਕ’ ਵਿਸ਼ੇ ’ਤੇ ਆਪਣੀ ਪੇਸ਼ਕਾਰੀ ਦਿੱਤੀ।

ਪੇਡਾ ਵਿੱਚ ਸੂਚੀਬੱਧ ਈਸੀਬੀਸੀ ਡਿਜ਼ਾਈਨ ਪ੍ਰੋਫੈਸ਼ਨਲ ਆਰਕੀਟੈਕਟ ਸੰਜੇ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਅਤੇ ਏਅਰ ਕੰਡੀਸ਼ਨਿੰਗ ਦੀ ਵਧਦੀ ਮੰਗ ਕਾਰਨ ਇਮਾਰਤਾਂ ਵਿੱਚ ਊਰਜਾ ਕੁਸ਼ਲਤਾ ਯਕੀਨੀ ਬਣਾਉਣਾ ਇੱਕ ਅਹਿਮ ਤਰਜੀਹ ਬਣ ਗਿਆ ਹੈ। ਉਨ੍ਹਾਂ ਨੇ ਟਿਕਾਊ ਨਿਰਮਾਣ ਤਰੀਕਿਆਂ ਦੀ ਲੋੜ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) ਅਤੇ ਅੱਪਡੇਟ ਐਨਰਜੀ ਕੰਜ਼ਰਵੇਸ਼ਨ ਐਂਡ ਸਸਟੇਨੇਬਲ ਬਿਲਡਿੰਗ ਕੋਡ (ਈਸੀਐਸਬੀਸੀ) ਦੀ ਭਾਰਤ ਦੇ ਇਮਾਰਤ ਨਿਰਮਾਣ ਖੇਤਰ ਵਿੱਚ ਊਰਜਾ ਦੀ ਖਪਤ ਅਤੇ ਕਾਰਬਨ ਨਿਕਾਸੀ ਘਟਾਉਣ ਵਿੱਚ ਅਹਿਮ ਭੂਮਿਕਾ ਹੈ।

ਉਨ੍ਹਾਂ ਆਪਣੀ ਪੇਸ਼ਕਾਰੀ ਵਿੱਚ ਦੱਸਿਆ ਕਿ ਇਮਾਰਤਾਂ ਲਈ ਊਰਜਾ ਕੁਸ਼ਲਤਾ ਸਬੰਧੀ ਕੋਡ ਭਾਰਤ ਨੂੰ ਜਲਵਾਯੂ ਸਬੰਧੀ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਨਾਲ ਲੰਬੇ ਸਮੇਂ ਤੱਕ ਊਰਜਾ ਦੀ ਬੱਚਤ ਹੋਣ ਦੇ ਨਾਲ-ਨਾਲ ਇਮਾਰਤਾਂ ਦੇ ਅੰਦਰ ਬਿਹਤਰ ਅਤੇ ਆਰਾਮਦਾਇਕ ਮਾਹੌਲ ਵੀ ਯਕੀਨੀ ਬਣਾਇਆ ਜਾ ਸਕਦਾ ਹੈ।

ਪੇਸ਼ਕਾਰੀ ਅਨੁਸਾਰ, ਦੁਨੀਆ ਦੀ ਕੁੱਲ ਊਰਜਾ ਖਪਤ ਦਾ ਲਗਭਗ 32 ਫੀਸਦੀ ਹਿੱਸਾ ਇਮਾਰਤਾਂ ਵਿੱਚ ਵਰਤਿਆ ਜਾਂਦਾ ਹੈ, ਜਦਕਿ ਊਰਜਾ ਨਾਲ ਸਬੰਧਤ ਕਾਰਬਨ ਡਾਈਆਕਸਾਈਡ ਨਿਕਾਸੀ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਲਗਭਗ 34 ਫੀਸਦੀ ਹੈ। ਭਾਰਤ ਵਿੱਚ ਇਮਾਰਤਾਂ ਦੇਸ਼ ਦੀ ਕੁੱਲ ਬਿਜਲੀ ਖਪਤ ਦਾ 30 ਫੀਸਦੀ ਤੋਂ ਵੱਧ ਹਿੱਸਾ ਵਰਤਦੀਆਂ ਹਨ। ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ, ਠੰਢਕ ਦੀ ਵਧਦੀ ਲੋੜ ਅਤੇ ਲੰਬੇ ਸਮੇਂ ਤੱਕ ਵਰਤੋਂ ਵਿੱਚ ਰਹਿਣ ਵਾਲੀਆਂ ਇਮਾਰਤਾਂ ਨੂੰ ਦੇਖਦਿਆਂ ਊਰਜਾ ਕੁਸ਼ਲ ਇਮਾਰਤਾਂ ਦਾ ਡਿਜ਼ਾਈਨ ਸਮੇਂ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਇਮਾਰਤਾਂ ਦੀ ਊਰਜਾ ਸੰਹਿਤਾ ਤਹਿਤ ਪੰਜ ਪ੍ਰਮੁੱਖ ਖੇਤਰ ਸ਼ਾਮਲ ਹਨ। ਇਨ੍ਹਾਂ ਵਿੱਚ ਇਮਾਰਤ ਦੀ ਬਾਹਰੀ ਬਣਤਰ, ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਪ੍ਰਣਾਲੀ, ਰੌਸ਼ਨੀ ਦਾ ਪ੍ਰਬੰਧ, ਪਾਣੀ ਗਰਮ ਕਰਨ ਦੀ ਵਿਵਸਥਾ ਅਤੇ ਬਿਜਲੀ ਪ੍ਰਣਾਲੀ ਤੇ ਨਵਿਆਉਣਯੋਗ ਊਰਜਾ ਸ਼ਾਮਲ ਹਨ।

ਪੇਸ਼ਕਾਰੀ ਵਿੱਚ ਇਨ੍ਹਾਂ ਕੋਡਾਂ ਨੂੰ ਲਾਗੂ ਕਰਨ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਚਾਨਣਾ ਪਾਇਆ ਗਿਆ। ਇਨ੍ਹਾਂ ਵਿੱਚ ਵੱਖ-ਵੱਖ ਸੂਬਿਆਂ ਵਿੱਚ ਨਿਯਮਾਂ ਨੂੰ ਲਾਗੂ ਕਰਨ ਦੀ ਅਸਮਾਨ ਸਥਿਤੀ, ਸਿਖਲਾਈ ਪ੍ਰਾਪਤ ਮਾਹਿਰਾਂ ਦੀ ਘਾਟ, ਸਥਾਨਕ ਸੰਸਥਾਵਾਂ ਦੀ ਸੀਮਤ ਸਮਰੱਥਾ ਅਤੇ ਨਿਰਮਾਣ ਦੀ ਸ਼ੁਰੂਆਤੀ ਲਾਗਤ ਸਬੰਧੀ ਚਿੰਤਾਵਾਂ ਪ੍ਰਮੁੱਖ ਹਨ।

ਆਰਕੀਟੈਕਟ ਗੋਇਲ ਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਪੇਸ਼ੇਵਰਾਂ ਦੀ ਸਿਖਲਾਈ, ਡਿਜੀਟਲ ਪਾਲਣਾ ਪ੍ਰਣਾਲੀਆਂ, ਪ੍ਰੋਤਸਾਹਨ ਅਤੇ ਸੁਤੰਤਰ ਜਾਂਚ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਊਰਜਾ ਕੁਸ਼ਲਤਾ ਬਿਊਰੋ ਅਨੁਸਾਰ,  ਈਸੀਬੀਸੀ 2017 ਦੇ ਮਾਪਦੰਡਾਂ ਅਨੁਸਾਰ ਬਣੀਆਂ ਇਮਾਰਤਾਂ ਵਿੱਚ 25 ਤੋਂ 50 ਫੀਸਦੀ ਤੱਕ ਊਰਜਾ ਦੀ ਬੱਚਤ ਸੰਭਵ ਹੈ।

ਉਨ੍ਹਾਂ ਕਿਹਾ ਕਿ ਊਰਜਾ ਕੁਸ਼ਲ ਨਿਰਮਾਣ ਨੂੰ ਆਮ ਪ੍ਰਥਾ ਬਣਾਉਣ ਅਤੇ ਸਾਲ 2070 ਤੱਕ ਭਾਰਤ ਦੇ ਨੈੱਟ-ਜ਼ੀਰੋ ਨਿਕਾਸੀ ਦੇ ਟੀਚੇ ਨੂੰ ਹਾਸਲ ਕਰਨ ਲਈ ਨੀਤੀ ਨਿਰਮਾਤਾਵਾਂ, ਬਿਲਡਰਾਂ, ਆਰਕੀਟੈਕਟਾਂ ਅਤੇ ਇੰਜੀਨੀਅਰਾਂ ਵਿਚਕਾਰ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ।

ਇਸ ਮੌਕੇ ਪੇਡਾ ਦੇ ਜੁਆਇੰਟ ਡਾਇਰੈਕਟਰ ਕੁਲਬੀਰ ਸਿੰਘ ਸੰਧੂ,ਆਈਜੀਬੀਸੀ ਚੰਡੀਗੜ੍ਹ ਚੈਪਟਰ ਦੇ ਸਾਬਕਾ ਚੇਅਰਮੈਨ ਜੀਤ ਕੁਮਾਰ ਗੁਪਤਾ, ਪੇਡਾ ਦੇ ਐਸਈਸੀ (ਈਸੀ) ਮਨੀ ਖੰਨਾ ਅਤੇ ਪਲਾਕਸ਼ਾ ਯੂਨੀਵਰਸਿਟੀ, ਮੋਹਾਲੀ ਦੇ ਸੈਂਟਰ ਫਾਰ ਕਲੀਨ ਐਨਰਜੀ ਦੇ ਮੁਖੀ ਡਾ. ਵਿਸ਼ਾਲ ਗਰਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।