ਆਊਟਰੀਚ ਪ੍ਰੋਗਰਾਮ .
ਚੰਡੀਗੜ੍ਹ ਵਿੱਚ ਅਟਲ ਪੈਨਸ਼ਨ ਯੋਜਨਾ ਸਬੰਧੀ ਆਊਟਰੀਚ ਪ੍ਰੋਗਰਾਮ ਕਰਵਾਇਆ
ਯੋਗ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਯੋਜਨਾ ਨਾਲ ਜੋੜਨ ’ਤੇ ਜ਼ੋਰ; ਸ਼ਾਨਦਾਰ ਕਾਰਗੁਜ਼ਾਰੀ ਵਾਲੇ ਬੈਂਕਾਂ ਦਾ ਸਨਮਾਨ
ਚੰਡੀਗੜ੍ਹ, 27 ਅਕਤੂਬਰ। ਅਟਲ ਪੈਨਸ਼ਨ ਯੋਜਨਾ (APY) ਦੇ ਪ੍ਰਚਾਰ-ਪ੍ਰਸਾਰ, ਯੋਗ ਨਾਗਰਿਕਾਂ ਨੂੰ ਇਸ ਯੋਜਨਾ ਨਾਲ ਜੋੜਨ ਅਤੇ ਪੈਨਸ਼ਨ ਸਬੰਧੀ ਸਮਾਜਿਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PFRDA), ਪੰਜਾਬ ਨੈਸ਼ਨਲ ਬੈਂਕ (PNB), ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਰਾਜ ਪੱਧਰੀ ਬੈਂਕਰਜ਼ ਕਮੇਟੀਆਂ (SLBCs), ਵੱਖ-ਵੱਖ ਬੈਂਕਾਂ ਦੇ ਰਾਜ ਮੁਖੀਆਂ, ਸ਼ਾਖਾ ਮੁਖੀਆਂ ਅਤੇ ਬੈਂਕਿੰਗ ਕਰੈਸਪੌਂਡੈਂਟ (BC) ਏਜੰਟਾਂ ਨੇ ਸ਼ਮੂਲੀਅਤ ਕੀਤੀ।
ਰਾਜ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ ਦੇ ਉਪ ਮਹਾਪ੍ਰਬੰਧਕ ਸ੍ਰੀ ਰਾਮਕਿਸ਼ੋਰ ਮੀਨਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ PFRDA ਦੇ ਮੁੱਖ ਮਹਾਪ੍ਰਬੰਧਕ ਸ੍ਰੀ ਪ੍ਰਵੇਸ਼ ਕੁਮਾਰ, ਪੰਜਾਬ ਨੈਸ਼ਨਲ ਬੈਂਕ ਦੇ ਮੁੱਖ ਮਹਾਪ੍ਰਬੰਧਕ ਸ੍ਰੀ ਆਸ਼ੀਸ਼ ਚਤੁਰਵੇਦੀ, PNB ਚੰਡੀਗੜ੍ਹ ਦੇ ਮੰਡਲ ਮੁਖੀ ਸ੍ਰੀ ਸੰਜੀਵ ਕੁਮਾਰ ਝਾਅ, PNB ਮੋਹਾਲੀ ਦੇ ਮੰਡਲ ਮੁਖੀ ਸ੍ਰੀ ਬਿਸ਼ਵਜੀਤ ਬਿਸਵਾਲ ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀ, ਹਰਿਆਣਾ ਦੇ ਉਪ ਮਹਾਪ੍ਰਬੰਧਕ ਸ੍ਰੀ ਓਮਕਾਰਨਾਥ ਝਾਅ ਸਮੇਤ ਵੱਖ-ਵੱਖ ਰਾਜ ਸਰਕਾਰਾਂ ਅਤੇ ਨਾਬਾਰਡ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ PFRDA ਦੇ ਮੁੱਖ ਮਹਾਪ੍ਰਬੰਧਕ ਸ੍ਰੀ ਪ੍ਰਵੇਸ਼ ਕੁਮਾਰ ਨੇ ਅਟਲ ਪੈਨਸ਼ਨ ਯੋਜਨਾ ਤਹਿਤ ਵੱਧ ਤੋਂ ਵੱਧ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ, ਯੋਜਨਾ ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਬੈਂਕਿੰਗ ਨੈੱਟਵਰਕ ਰਾਹੀਂ ਪੈਨਸ਼ਨ ਸੁਰੱਖਿਆ ਦਾ ਘੇਰਾ ਵਧਾਉਣ ’ਤੇ ਜ਼ੋਰ ਦਿੱਤਾ।
PNB ਦੇ ਮੁੱਖ ਮਹਾਪ੍ਰਬੰਧਕ ਸ੍ਰੀ ਆਸ਼ੀਸ਼ ਚਤੁਰਵੇਦੀ ਨੇ ਕਿਹਾ ਕਿ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਬੈਂਕ ਅਧਿਕਾਰੀਆਂ, ਸ਼ਾਖਾ ਮੁਖੀਆਂ ਅਤੇ BC ਏਜੰਟਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਇਨ੍ਹਾਂ ਰਾਹੀਂ ਆਮ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਇਨ੍ਹਾਂ ਨਾਲ ਜੋੜਿਆ ਜਾ ਸਕਦਾ ਹੈ।
ਅਟਲ ਪੈਨਸ਼ਨ ਯੋਜਨਾ ਤਹਿਤ 18 ਤੋਂ 40 ਸਾਲ ਦੀ ਉਮਰ ਦੇ ਯੋਗ ਨਾਗਰਿਕ ਨਿਰਧਾਰਤ ਯੋਗਦਾਨ ਦੇ ਆਧਾਰ ’ਤੇ 60 ਸਾਲ ਦੀ ਉਮਰ ਤੋਂ ਬਾਅਦ 1,000 ਰੁਪਏ ਤੋਂ 5,000 ਰੁਪਏ ਤੱਕ ਦੀ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਬਸ਼ਰਤੇ ਉਹ ਯੋਜਨਾ ਦੀਆਂ ਨਿਰਧਾਰਤ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹੋਣ।
ਪ੍ਰੋਗਰਾਮ ਦੌਰਾਨ ਪਿਛਲੇ ਸਾਲ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਲਈ ਰਾਜ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ ਅਤੇ ਹਰਿਆਣਾ ਸਮੇਤ ਵੱਖ-ਵੱਖ ਬੈਂਕਾਂ ਨੂੰ PFRDA ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੈਂਕਿੰਗ ਨੈੱਟਵਰਕ ਰਾਹੀਂ ਵੱਧ ਤੋਂ ਵੱਧ ਯੋਗ ਨਾਗਰਿਕਾਂ ਨੂੰ ਪੈਨਸ਼ਨ ਸੁਰੱਖਿਆ ਦੇ ਘੇਰੇ ਵਿੱਚ ਲਿਆਉਣਾ ਅਤੇ ਸਮਾਜਿਕ ਸੁਰੱਖਿਆ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ।
