ਈਦ ਮਨਾਈ.
*ਵਿਧਾਇਕ ਸਿੱਧੂ ਨੇ ਮੁਸਲਿਮ ਭਾਈਚਾਰੇ ਨਾਲ ਮਨਾਇਆ ਈਦ ਦਾ ਪਵਿੱਤਰ ਤਿਉਹਾਰ*
*-ਸਰਬੱਤ ਦੇ ਭਲੇ ਦੀ ਕੀਤੀ ਅਰਦਾਸ*
ਲੁਧਿਆਣਾ, 21 ਮਾਰਚ (ਅਸ਼ਵਨੀ ਅਹੂਜਾ) - ਈਦ ਦਾ ਪਵਿੱਤਰ ਤਿਉਹਾਰ ਅੱਜ ਪੂਰੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਮਨਾਇਆ ਗਿਆ।
ਹਲਕਾ ਆਤਮ ਨਗਰ ਅਧੀਨ ਇੰਦਰਾ ਨਗਰ ਵਿਖੇ ਸਮਾਜ ਸੇਵੀ ਡਾਕਟਰ ਉਸਮਾਨ ਬਾਲੀ ਵੱਲੋਂ ਵੀ ਵੱਡੇ ਪੱਧਰ ਤੇ ਇਸ ਤਿਉਹਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਉਚੇਚੇ ਤੌਰ 'ਤੇ ਪਹੁੰਚੇ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਵਿਧਾਇਕ ਸਿੱਧੂ ਨੇ ਮੁਸਲਿਮ ਵੀਰਾਂ ਨਾਲ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ, ਇਸ ਲਈ ਇੱਥੇ ਹਰ ਇੱਕ ਇਨਸਾਨ ਆਪਸ ਵਿੱਚ ਭਰਾਵਾਂ ਵਾਂਗ ਰਹਿੰਦਾ ਹੈ ਅਤੇ ਹਰੇਕ ਧਰਮ ਦਾ ਤਿਉਹਾਰ ਮਿਲ ਜੁਲ ਕੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਈਦ ਦੇ ਪਵਿੱਤਰ ਤਿਉਹਾਰ ਉੱਤੇ ਵੀ ਹਰੇਕ ਭਾਈਚਾਰੇ ਦੇ ਲੋਕ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਇਸ ਮੁਹੱਬਤ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹਨ ਅਤੇ ਉਹਨਾਂ ਨਾਲ ਪਿਆਰ ਦੀ ਸਾਂਝ ਪਾਉਂਦੇ ਹਨ।
ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਗਟ ਹੋਏ ਸੰਤਾਂ, ਪੀਰਾਂ ਅਤੇ ਫਕੀਰਾਂ ਨੇ ਇੱਕੋ ਗੱਲ ਸਮਝਾਈ ਹੈ ਕਿ ਰੱਬ ਇੱਕ ਹੈ ਅਤੇ ਅਸੀਂ ਸਾਰੇ ਉਸੇ ਦੀ ਔਲਾਦ ਹਾਂ, ਇਸ ਲਈ ਸਾਨੂੰ ਸਭ ਨੂੰ ਮਿਲ ਕੇ ਪਿਆਰ ਅਤੇ ਸਦਭਾਵਨਾ ਨਾਲ ਇਕੱਠੇ ਰਹਿਣਾ ਚਾਹੀਦਾ ਹੈl
ਉਹਨਾਂ ਅੱਜ ਈਦ ਦੇ ਪਵਿੱਤਰ ਦਿਹਾੜੇ 'ਤੇ ਇਲਾਕਾ ਨਿਵਾਸੀਆਂ ਨੂੰ ਇਹ ਪ੍ਰਣ ਕਰਨ ਲਈ ਕਿਹਾ ਕਿ ਅਸੀਂ ਆਪਣੇ ਮਨਾਂ ਵਿੱਚੋਂ ਵਾਧੂ ਦੀਆਂ ਨਫਰਤਾਂ ਨੂੰ ਮਿਟਾਈਏ ਅਤੇ ਏਕੋ ਰੱਬ ਦੇ ਬੱਚੇ ਹੋਣ ਕਰਕੇ ਭਰਾਵਾਂ ਵਾਂਗੂ ਮਿਲ ਜੁਲ ਕੇ ਰਹੀਏ।
ਵਿਧਾਇਕ ਸਿੱਧੂ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਲੋਕ ਪੂਰੇ ਇੱਕ ਮਹੀਨਾ ਰੋਜ਼ਿਆਂ ਤੋਂ ਬਾਅਦ ਈਦ ਦੇ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਹਨ ਜੋਂ ਕਿ ਇੱਕ ਬਹੁਤ ਵਧੀਆ ਸੁਨੇਹਾ ਹੈ, ਜਿੱਥੇ ਇੱਕ ਮਹੀਨਾ ਸਭ ਕੁਝ ਭੁਲਾ ਕੇ ਰੱਬ ਦਾ ਨਾਮ ਲਿਆ ਜਾਂਦਾ ਹੈ ਉੱਥੇ ਹੀ ਰੋਜੇ ਰੱਖਣ ਕਾਰਨ ਤਨ ਅਤੇ ਮਨ ਨੂੰ ਵੀ ਸੋਧ ਲਿਆ ਜਾਂਦਾ ਹੈ ਜਿਸ ਨਾਲ ਸਰੀਰ ਅਤੇ ਮਨ ਵਿੱਚ ਇੱਕ ਨਵੀਂ ਊਰਜਾ ਦਾ ਆਗਮਨ ਹੁੰਦਾ ਹੈl ਜਿੱਥੇ ਇਹ ਇੱਕ ਧਾਰਮਿਕ ਕਾਰਜ ਹੈ, ਉਥੇ ਹੀ ਵਿਗਿਆਨਿਕ ਤੌਰ 'ਤੇ ਵੀ ਬਹੁਤ ਵਧੀਆ ਉਪਰਾਲਾ ਹੈ।
ਇਸ ਮੌਕੇ ਇਬਾਦਤਗਾਹ ਉੱਤੇ ਉਹਨਾਂ ਨਾਲ ਸਰਾਜਦੀਨ ਬਾਲੀ, ਉਮੇਰ ਬਾਲੀ, ਹਾਰੂਨ ਬਾਲੀ ਅਤੇ ਅਨੇਕਾਂ ਮੁਸਲਿਮ ਭਾਈਚਾਰੇ ਦੇ ਲੋਕ ਸ਼ਾਮਿਲ ਸਨ।
