ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 35 'ਚ ਨਵਾਂ ਟਿਊਬਵੈੱਲ ਲੋਕ ਅਰਪਿਤ ਕੀਤਾ.

 

ਲੁਧਿਆਣਾ, 8 ਮਈ (ਰਾਕੇਸ਼ ਅਰੋੜਾ) - ਜਲ ਸਪਲਾਈ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਵੱਲ ਇੱਕ ਕਦਮ ਵਧਾਉਂਦੇ ਹੋਏ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 38 ਅਧੀਨ ਈਸ਼ਰ ਨਗਰ ਬਲਾਕ ਸੀ ਵਿਖੇ 25 ਹਾਰਸ ਪਾਵਰ ਵਾਲੇ ਪੀਣ ਵਾਲੇ ਪਾਣੀ ਦਾ ਟਿਊਬਵੈਲ ਚਾਲੂ ਕਰਕੇ ਲੋਕ ਅਰਪਿਤ ਕੀਤਾ ਗਿਆ। 


ਵਿਧਾਇਕ ਛੀਨਾ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਪਰ ਹੁਣ ਨਵੇਂ ਟਿਊਬਵੈਲ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੱਖਣੀ ਵਿਧਾਨ ਸਭਾ ਹਲਕੇ ਦੇ ਉਨ੍ਹਾਂ ਵਾਰਡਾਂ ਵਿੱਚ ਵੀ ਨਵੇਂ ਟਿਊਬਵੈੱਲ ਲਗਾਏ ਜਾਣਗੇ ਜਿੱਥੇ ਪੀਣ ਵਾਲੇ ਪਾਣੀ ਦੀ ਕਿੱਲਤ ਹੈ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਦੇ ਹੱਲ ਵੀ ਕੀਤੇ ਜਾ ਰਹੇ ਹਨ। 


ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟ ਵਿੱਚ ਤੇਜੀ ਲਿਆਂਦੀ ਗਈ ਹੈ ਤਾਂ ਜੋ ਵਸਨੀਕਾਂ ਨੂੰ ਇਸਦਾ ਲਾਭ ਹੋ ਸਕੇ। ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੀਲਾ ਕਾਰਡ, ਪੈਨਸ਼ਨ ਅਤੇ ਰਿਹਾਇਸ਼ ਯੋਜਨਾ ਸਮੇਤ ਹੋਰ ਯੋਜਨਾਵਾਂ ਤੋਂ ਵਾਂਝੇ ਰਹਿਣ ਵਾਲਿਆਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਜਲਦ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨਾਲ ਮਿਲਕੇ ਟਿਊਬਵੈੱਲ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ ਜਿਸ ਵਿਚ ਵਾਰਡ ਪ੍ਰਧਾਨ ਡਾ ਜਸਬੀਰ ਸਿੰਘ,  ਬੀ ਐਲ ਯਾਦਵ, ਪ੍ਰੀਤਮ ਕੈਂਥ ਤੇ ਸਮੂਹ ਮੁਹੱਲਾ ਨਿਵਾਸੀ ਮੌਜੂਦ ਰਹੇ।