ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰ ਮੀਟਿੰਗ ਅੱਜ.

ਜਿੱਤ ਦਾ ਮੰਤਰ ਪੜ੍ਹਾਉਣ ਲਈ ਬਾਦਲ ਅੱਜ ਲੁਧਿਆਣਾ ਆਉਣਗੇ-ਐਡਵੋਕੇਟ ਘੁੰਮਣ                                            # 'ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਿਜਾ ਕੱਲੀ'  

  ਲੁਧਿਆਣਾ, 25 ਅਪ੍ਰੈਲ (ਰਾਕੇਸ਼ ਅਰੋੜਾ) - ਵਿਧਾਨ ਸਭਾ ਹਲਕਾ ਪੱਛਮੀ ਦੀ ਉੱਪ ਚੋਣ ਲਈ ਬੇਸ਼ੱਕ ਅਜੇ ਤੱਕ ਤਾਰੀਖ ਦਾ ਐਲਾਨ ਤੱਕ ਨਹੀਂ ਹੋਇਆ ਪਰ ਇਸ ਉੱਪ ਚੋਣ ਲਈ ਰਾਜਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਜਿੱਥੇ ਰਾਜ ਸਭਾ ਮੈਂਬਰ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉੱਥੇ ਕਾਂਗਰਸ ਪਾਰਟੀ ਵੱਲੋਂ ਵੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਭਾਰਤ ਭੂਸ਼ਨ ਆਸੁ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਅਜੇ ਜੇਕਰ ਉਡੀਕ ਹੈ ਤਾਂ ਉਹ ਭਾਜਪਾ ਵੱਲੋਂ ਐਲਾਨੇ ਜਾਣ ਵਾਲੇ ਉਮੀਦਵਾਰ ਦੀ ਹੈ। ਪਿਛਲੇ ਕੁੱਝ ਦਿਨਾਂ ਤੋਂ 'ਆਪ' ਦੀ ਸੀਨੀਅਰ ਲੀਡਰਸ਼ਿਪ ਆਪਣੇ ਉਮੀਦਵਾਰ ਦੇ ਹੱਕ ਵਿੱਚ ਕਈ ਸਮਾਗਮ ਕਰ ਚੁੱਕੀ ਹੈ ਤੇ ਕਾਂਗਰਸ ਪਾਰਟੀ ਵੀ ਆਪਣੀ ਜੋਰ ਅਸਮਾਇਸ ਤੋਂ ਪਿੱਛੇ ਨਹੀਂ ਹਟ ਰਹੀ।  ਬੀਤੇ ਕੱਲ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ  ਪਰਕਾਸ਼ ਸਿੰਘ ਬਾਦਲ ਦੀ ਦੂਜੀ ਬਰਸੀ ਸਮਾਗਮ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ  ਵੀ 'ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਿਜਾ ਕੱਲੀ' ਦੀ ਗੱਲ ਨੂੰ ਪੂਰਾ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵਿਧਾਨ ਸਭਾ ਹਲਕਾ ਪੱਛਮੀ ਤੋਂ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੀ ਪਿੱਠ ਥਾਪੜਨ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਲੁਧਿਆਣਾ ਪੁੱਜ ਰਹੇ ਹਨ। ਇਸ ਵਾਰੇ ਜਦ ਐਡਵੋਕੇਟ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ  ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਸਵੇਰੇ 11  ਵਜੇ ਉਨ੍ਹਾਂ ਦੇ ਗ੍ਰਹਿ ਪੰਚਸ਼ੀਲ ਵਿਹਾਰ ,ਫਿਰੋਜਪੁਰ ਰੋਡ  ਵਿਖੇ ਮੁਲਾਕਾਤ ਕਰਨਗੇ । ਉਨ੍ਹਾਂ ਇਹ ਵੀ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਇੱਥੇ 2 ਦਿਨ ਰਹਿਣਗੇ।