ਟਿੱਪਰ ਐਸੋਸੀਏਸ਼ਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਕਰਵਾਇਆ ਸਮੱਸਿਆਵਾਂ ਤੋਂ ਜਾਣੂੰ, ਕੀਤੀ ਇਨਸਾਫ਼ ਦੀ ਮੰਗ.
ਲੁਧਿਆਣਾ - ਹਲਕਾ ਸਾਹਨੇਵਾਲ ਦੇ ਪਿੰਡ ਰੋੜ ਅਤੇ ਬੂਟਾ ਵਿਖੇ ਸਰਕਾਰ ਵਲੋਂ ਨਵਯੁੱਗ ਕੰਪਨੀ ਦੇ ਨਾਮ 'ਤੇ ਅਲਾਟ ਕੀਤੀਆਂ ਰੇਤ ਦੀਆਂ ਸਰਕਾਰੀ ਖੱਡਾਂ ਨਾਲ ਸਬੰਧਤ ਮਾਮਲਾ ਥਮਣ ਦਾ ਨਾਮ ਨਹੀਂ ਲੈ ਰਿਹਾ ਅਤੇ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਇਸ ਨੂੰ ਲੈ ਕੇ ਟਿੱਪਰ ਐਸੋਸ਼ੀਏਸ਼ਨ ਦੀਆਂ ਮੁਸ਼ਕਿਲਾਂ ਵਿਚ ਨਿਰੰਤਰ ਵਾਧਾ ਹੋਣ ਕਰਕੇ ਟਿੱਪਰ ਚਾਲਕਾਂ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਐਸੋਸੀਏਸ਼ਨ ਨਾਲ ਜੁੜੇ ਅਹੁਦੇਦਾਰਾਂ ਦੇ ਦੱਸਣ ਮੁਤਾਬਿਕ ਆਏ ਦਿਨ ਕੋਈ ਨਾ ਕੋਈ ਕਲੇਸ਼ ਪਿਆ ਹੀ ਰਹਿੰਦਾ ਹੈ। ਇਸੇ ਮਸਲੇ ਨੂੰ ਲੈ ਕੇ ਲੁਧਿਆਣਾ ਟਿੱਪਰ ਐਸੋਸ਼ੀਏਸ਼ਨ ਅਤੇ ਦੂਜੀ ਧਿਰ ਆਹਮਣੇ ਸਾਹਮਣੇ ਵੀ ਹੋ ਚੁੱਕੀਆਂ ਹਨ।
ਟਿੱਪਰ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਇਲਿਆਸ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਇਕ ਮੰਗ ਪੱਤਰ ਦੇ ਕੇ ਸੁਣਵਾਈ ਨਾ ਹੋਣ ਦੀ ਗੱਲ ਕਹਿੰਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ।
ਦੱਸ ਦੇਈਏ ਕਿ ਪੁਲਿਸ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਦੇਣ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਉਨ੍ਹਾਂ ਨਾਲ ਹੋਏ ਧੱਕੇ ਦੀਆਂ ਤਸਵੀਰਾਂ ਦਿਖਾਈਆਂ ਉਥੇ ਹੀ ਇਨਸਾਫ਼ ਦੀ ਮੰਗ ਕਰਦਿਆਂ ਵਿਰੋਧੀ ਧਿਰ 'ਤੇ ਕਈ ਗੰਭੀਰ ਦੋਸ਼ ਲਗਾਏ।
ਪ੍ਰਧਾਨ ਮੁਹੰਮਦ ਇਲਿਆਸ ਨੇ ਚੱਲ ਰਹੀ ਸਰਕਾਰੀ ਰੇਤ ਦੀ ਖੱਡ ਵਿਚ ਅੜਿੱਕਾ ਲਗਾਉਣ ਵਾਲਿਆਂ ਖਿਲਾਫ ਗੰਭੀਰ ਦੋਸ਼ ਲਗਾਉਂਦੇ ਹੋਏ ਇਹ ਵੀ ਕਿਹਾ ਕਿ ਦੂਜੀ ਧਿਰ ਦੀ ਆਗੂ ਪੇਸ਼ੇ ਵਜੋਂ ਵਕੀਲ ਹੋਣ ਕਰਕੇ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਜਦਕਿ ਸਾਡੇ ਸਾਥੀ ਸੱਟਾਂ ਲੱਗੀਆਂ ਹੋਣ ਕਰਕੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਸਾਨੂੰ ਇਨਸਾਫ਼ ਮਿਲਣ ਦੀ ਬਜਾਏ ਉਲਟਾ ਸਾਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਸਾਨੂੰ ਦੋਹਰੀ ਮਾਰ ਪੇ ਰਹੀ ਹੈ। ਇਕ ਪਾਸੇ ਸਾਡੇ ਸਾਥੀ ਗੰਭੀਰ ਜਖਮੀ ਹਨ ਤੇ ਦੂਜੇ ਪਾਸੇ ਸਾਡੇ ਕੰਮ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਟਿੱਪਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਸ ਰੇੜਕੇ ਨੂੰ ਖਤਮ ਕਰਕ ਅੜਿੱਕਾ ਪਾਉਣ ਵਾਲਿਆਂ ਖਿਲਾਫ ਸਖਤ ਕਰਾਵਾਈ ਕਰਕੇ ਮੁੜ ਕੰਮ ਸ਼ੁਰੂ ਕਰਵਾਇਆ ਜਾਵੇ ਤਾਂਕਿ ਸਾਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਏ।
ਉਨ੍ਹਾਂ ਕਿਹਾ ਕਿ ਅਸੀਂ ਕੰਮ ਨਾ ਚੱਲਣ ਕਰਕੇ ਨਿੱਤ ਦੇ ਖਰਚਿਆਂ ਤੋਂ ਵੀ ਤੰਗ ਆ ਚੁੱਕੇ ਹਾਂ, ਜੇਕਰ ਸਮੇਂ ਸਿਰ ਇਸ ਮਸਲੇ ਦਾ ਢੁਕਵਾਂ ਹੱਲ ਨਾ ਕੀਤਾ ਗਿਆ ਤਾਂ ਜਿਥੇ ਸਰਕਾਰ ਨੂੰ ਰੈਵਨਿਊ ਦਾ ਵੱਡਾ ਘਾਟਾ ਪਏਗਾ ਉਥੇ ਹੀ ਸਾਨੂੰ ਵੀ ਇਕ ਵੱਡੀ ਪਰੇਸ਼ਾਨੀ ਵਿਚੋਂ ਦੀ ਗੁਜਰਨਾ ਪੈ ਸਕਦਾ ਹੈ, ਕਿਉਂ ਕਿ ਸਾਡੇ ਕੋਲ ਟਿੱਪਰਾਂ ਦੀਆਂ ਕਿਸ਼ਤਾਂ ਵੀ ਅਦਾ ਨਹੀਂ ਕਰ ਹੋਣੀਆਂ।
ਇਸ ਸੰਬਧੀ ਮਹੁੰਮਦ ਇਲਿਆਸ ਨੇ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਸਰਕਾਰੀ ਖੱਡਾਂ ਚੱਲਣ ਨਾਲ ਆਮ ਲੋਕਾਂ ਤੱਕ ਰੇਤ ਦੀ ਪਹੁੰਚ ਵੀ ਸਸਤੀ ਹੋਈ ਹੈ, ਜਿਸ ਵਿਚ ਕੁੱਝ ਸ਼ਰਾਰਤੀ ਅਨਸਰ ਆਪਣੀ ਲੀਡਰੀ ਚਮਕਾਉਣ ਦੀ ਲਾਲਸਾ ਕਰਕੇ ਅੜਿੱਕਾ ਬਣ ਰਹੇ ਹਨ।
